ਪੱਤਰ ਪੇ੍ਰਰਕ, ਚੰਡੀਗੜ੍ਹ : ਸ੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ, ਪੰਚਕੂਲਾ, ਮਹਾਮਾਈ ਮਨਸਾ ਦੇਵੀ ਚੈਰੀਟੇਬਲ ਭੰਡਾਰਾ ਕਮੇਟੀ ਵੱਲੋਂ ਬਲੱਡ ਬੈਂਕ, ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ, ਸੋਹਾਣਾ ਅਤੇ ਰੋਟੋ, ਪੀਜੀਆਈ ਦੇ ਸਹਿਯੋਗ ਨਾਲ ਸੈਕਟਰ-9, ਚੰਡੀਗੜ੍ਹ ਦੀ ਮਾਰਕੀਟ ਵਿਖੇ ਖੂਨਦਾਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ 'ਚ 80 ਨੌਜਵਾਨਾਂ ਵਲੋਂ ਸਵੈ-ਇੱਛਾ ਨਾਲ ਖੂਨਦਾਨ ਅਤੇ 12 ਵਿਅਕਤੀਆਂ ਵਲੋਂ ਅੰਗਦਾਨ ਦੀ ਸਹੁੰ ਚੁੱਕੀ ਗਈ। ਖੂਨਦਾਨ ਕੈਂਪ 'ਚ ਕੋਟਕ ਮਹਿੰਦਰਾ ਬੈਂਕ, ਹੇਅਰ ਮਾਸਟਰਜ਼, ਆਈਡੀਪੀ ਐਜੂਕੇਸ਼ਨ, ਚੈਕਮੇਟ ਸਕਿਓਰਿਟੀ ਸਰਵਿਸਿਜ਼ ਅਤੇ ਗਰੇਵਾਲ ਆਈ ਇੰਸਟੀਚਿਊਟ ਦੇ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ।

ਖੂਨਦਾਨ ਕੈਂਪ ਦਾ ਉਦਘਾਟਨ ਕੋਟਕ ਮਹਿੰਦਰਾ ਬੈਂਕ ਦੇ ਬ੍ਾਂਚ ਮੈਨੇਜਰ ਸੰਨੀ ਰਾਜਪਾਲ ਵਲੋਂ ਸ਼ੁਭ ਕਰ-ਕਮਲਾਂ ਨਾਲ ਕੀਤਾ ਗਿਆ। ਉਨ੍ਹਾਂ ਖੂਨਦਾਨੀ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਬਚਾਉਣ ਲਈ ਖੂਨ ਦਾ ਕੋਈ ਬਦਲ ਨਹੀਂ ਹੈ, ਜਿਸ ਕਰਕੇ ਇਸ ਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹਰ ਤਿੰਨ ਮਹੀਨੇ ਬਾਅਦ ਬਲੱਡ ਦਿੱਤਾ ਜਾ ਸਕਦਾ ਹੈ ਕਿਉਂਕਿ ਖੂਨਦਾਨ ਤੋਂ ਬਾਅਦ ਦੋ-ਤਿੰਨ ਮਹੀਨੇ 'ਚ ਬਲੱਡ ਪੂਰਾ ਹੋ ਜਾਂਦਾ ਹੈ।

ਇਸ ਮੌਕੇ ਸ੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਅਵਤਾਰ ਸਿੰਘ ਸਲਾਰੀਆ ਅਤੇ ਪ੍ਰਧਾਨ ਰਾਕੇਸ਼ ਕੁਮਾਰ ਸੰਗਰ ਨੇ ਕਿਹਾ ਕਿ ਇਸ ਵਾਰ ਭਿਆਨਕ ਗਰਮੀ ਕਾਰਨ ਖੂਨਦਾਨੀਆਂ ਦੀ ਗਿਣਤੀ ਕਾਫੀ ਘੱਟ ਗਈ ਹੈ। ਇਸ ਦਾ ਅਸਰ ਹਸਪਤਾਲਾਂ ਦੇ ਬਲੱਡ ਬੈਂਕਾਂ ਦੇ ਸਟਾਕ 'ਤੇ ਵੀ ਨਜ਼ਰ ਆ ਰਿਹਾ ਹੈ। ਸੰਸਥਾ ਵੱਲੋਂ ਟਰਾਈਸਿਟੀ ਤੋਂ ਇਲਾਵਾ ਨੇੜਲੇ ਪਿੰਡਾਂ ਤੇ ਕਸਬਿਆਂ 'ਚ ਲਗਾਤਾਰ ਕੈਂਪ ਲਗਾ ਕੇ ਖੂਨ ਦੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦਾ ਸਿੱਟਾ ਹੈ ਕਿ ਸੰਸਥਾ ਵਲੋਂ ਕੈਂਪਾਂ 'ਚ ਖੂਨਦਾਨ ਕਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ ਤੋਂ ਸ਼ੁਰੂ ਹੋ ਕੇ ਹਜ਼ਾਰਾਂ 'ਚ ਪਹੁੰਚ ਗਈ ਹੈ। ਸ੍ਰੀ ਰਾਕੇਸ਼ ਸੰਗਰ ਨੇ ਕਿਹਾ ਕਿ ਸਾਡੇ ਕੋਲ ਐਮਰਜੈਂਸੀ ਡੋਨਰ ਦੀ ਸੂਚੀ ਹੈ ਜਿਹੜੀ ਲੋੜਵੰਦ ਨੂੰ ਮੌਕੇ 'ਤੇ ਖੂਨ ਮੁਹੱਈਆ ਕਰਨ 'ਚ ਸਦਾ ਅੱਗੇ ਰਹਿੰਦੀ ਹੈ।

ਇਸ ਮੌਕੇ ਚੈੱਕਮੇਟ ਸਕਿਓਰਿਟੀ ਸਰਵਿਸਿਜ਼ ਦੇ ਭੁਪਿੰਦਰ ਸਿੰਘ ਅਤੇ ਸ੍ਰੀ ਸ਼ਿਵ ਕਾਂਵੜ ਮਹਾਸੰਘ ਚੈਰੀਟੇਬਲ ਟਰੱਸਟ ਦੇ ਲਕਸ਼ਮਣ ਸਿੰਘ ਰਾਵਤ, ਰਾਜਕੁਮਾਰੀ, ਸਤਗੁਰੂ, ਸਾਹਿਬ ਸਿੰਘ, ਰਾਜਿੰਦਰ ਕੌਸ਼ਲ, ਗੁਲਸ਼ਨ ਕੁਮਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਕੈਂਪ ਪ੍ਰਬੰਧਕਾਂ ਵਲੋਂ ਖੂਨਦਾਨੀਆਂ ਨੂੰ ਪ੍ਰਸੰਸਾ-ਪੱਤਰਾਂ ਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਤ ਕੀਤਾ ਗਿਆ।