ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਾਇਕ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੇ ਦੀਪ ਸਿੱਧੂ ਰਾਹੀਂ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੱਢਾ ਨੇ ਕਿਹਾ ਕਿ ਦੀਪ ਸਿੱਧੂ ਨੇ ਅਜਿਹੀ ਹਰਕਤ ਪਹਿਲੀ ਵਾਰ ਨਹੀਂ ਕੀਤੀ ਸਗੋਂ ਦੀਪ ਕਿਸਾਨੀ ਸੰਘਰਸ਼ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਕਿਸਾਨਾਂ ਵਿਚ ਫੁੱਟ ਪੈਦਾ ਕਰਨ ਦੇ ਯਤਨਾਂ ਵਿਚ ਰਿਹਾ ਹੈ। ਭਾਜਪਾ ਐੱਮਪੀ ਸੰਨੀ ਦਿਓਲ ਨਾਲ ਦੀਪ ਦੇ ਸਬੰਧ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਦੀਪ ਨੇ ਕੇਂਦਰ ਸਰਕਾਰ ਤੇ ਏਜੰਸੀਆਂ ਦੇ ਸਹਿਯੋਗ ਨਾਲ ਸ਼ਰਮਨਾਕ ਘਟਨਾ ਨੂੰ ਅੰਜਾਮ ਦਿੱਤਾ ਹੈ। ਲੋਕਾਂ ਨੂੰ ਪਤਾ ਹੈ ਕਿ ਦੀਪ ਸਿੱਧੂ, ਸੰਨੀ ਦਿਓਲ, ਭਾਜਪਾ ਤੇ ਅਕਾਲੀ ਦਲ ਵਗੈਰਾ ਮਿਲੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਹਿ ਮੰਤਰੀ ਅਮਿਤ ਸ਼ਾਹ ਤੇ ਸਨੀ ਨਾਲ ਦੀਪ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਮ ਹਨ।

ਚੱਢਾ ਨੇ ਲਾਲ ਕਿਲ੍ਹੇ ਦੀ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ ਕਿ 'ਆਪ' ਦਾ ਅਮਰੀਕ ਸਿੰਘ ਮਿੱਕੀ ਨਾਲ ਕੋਈ ਸਬੰਧ ਨਹੀਂ ਹੈ। ਜਿਹੜੇ ਮਿੱਕੀ ਨੂੰ ਕਾਂਗਰਸ ਆਮ ਆਦਮੀ ਪਾਰਟੀ ਦਾ ਦੱਸ ਰਹੀ ਹੈ, ਉਹ ਅਸਲ ਵਿਚ ਭਾਜਪਾ ਤੇ ਅਕਾਲੀ ਦਲ ਦਾ ਪੁਰਾਣਾ ਸਾਥੀ ਹੈ। ਮਿੱਕੀ ਦੀ ਭਾਜਪਾ ਦੇ ਆਗੂਆਂ ਤੇ ਅਕਾਲੀ ਦਲ ਦੇ ਵੱਡੇ ਆਗੂਆਂ ਨਾਲ ਫੋਟੋਜ਼ ਮੁਹੱਈਆ ਹਨ। ਮਿੱਕੀ ਦਾ ਕੇਂਦਰੀ ਮੰਤਰੀ ਨਿਤਿਨ ਗਡਕਰੀ, ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ, ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨਾਲ ਤਸਵੀਰਾਂ ਪੁਖ਼ਤਾ ਸਬੂਤ ਨੇ ਕਿ ਉਹਦਾ ਅਕਾਲੀ-ਭਾਜਪਾ ਆਗੂਆਂ ਨਾਲ ਗੂੜ੍ਹਾ ਸਬੰਧ ਹੈ।