ਚੰਡੀਗੜ੍ਹ : ਬੱਚਿਆਂ ਵਲੋਂ ਨਾਅਰੇ ਲਗਵਾਉਣ ਦੇ ਮਾਮਲੇ 'ਚ ਬੁਰੀ ਤਰ੍ਹਾਂ ਫਸੀ ਭਾਜਪਾ ਉਮੀਦਵਾਰ ਅਤੇ ਸੰਸਦ ਮੈਂਬਰ ਕਿਰਨ ਖੇਰ ਨੇ ਚੋਣ ਕਮਿਸ਼ਨ ਵਲੋਂ ਆਏ ਨੋਟਿਸ ਤੋਂ ਬਾਅਦ ਜਨਤਕ ਮਾਫ਼ੀ ਮੰਗ ਲਈ ਹੈ। ਉਨ੍ਹਾਂ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਿਸੇ ਨੇ ਵੀਡੀਓ ਭੇਜਿਆ ਅਤੇ ਬਿਨਾਂ ਪੁੱਛੇ ਮੇਰੀ ਟੀਮ ਨੇ ਉਸ ਨੂੰ ਅਪਲੋਡ ਕਰ ਦਿੱਤਾ। ਮੈਂ ਮਾਫ਼ੀ ਮੰਗਦੀ ਹਾਂ, ਅਜਿਹਾ ਕਰਨਾ ਬਿਲਕੁਲ ਗ਼ਲਤ ਹੈ। ਹੁਣ ਮੈਂ ਉਹ ਵੀਡੀਓ ਡਿਲੀਟ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮਾਮਲਾ ਨੋਟਿਸ ਵਿਚ ਆਉਣ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 24 ਘੰਟਿਆਂ 'ਚ ਜਵਾਬ ਮੰਗਿਆ ਸੀ। ਕੋਡ ਆਫ ਕੰਡਕਟ ਅਤੇ ਨਗਰ ਨਿਗਮ ਦੇ ਵਧੀਕ ਕਮਿਸ਼ਨ ਅਨਿਲ ਗਰਗ ਨੇ ਇਹ ਨੋਟਿਸ ਜਾਰੀ ਕੀਤਾ ਸੀ।

ਕਾਬਿਲੇਗ਼ੌਰ ਹੈ ਕਿ ਸੰਸਦ ਮੈਂਬਰ ਕਿਰਨ ਖੇਰ ਨੇ ਬੱਚਿਆਂ ਦੇ ਭਾਜਪਾ ਲਈ ਵੋਟ ਮੰਗਣ ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ 'ਤੇ ਅਪਲੋਡ ਕੀਤਾ ਹੈ। ਇਸ ਵਿਚ ਵਾਰਡ ਕੌਂਸਲਰ ਮਹੇਸ਼ ਇੰਦਰ ਸਿੱਧੂ ਵੀ ਬੱਚਿਆਂ ਦੇ ਨਾਲ ਹਨ ਅਤੇ ਬੱਚਿਆਂ ਤੋਂ 'ਵੋਟ ਫਾਰ ਕਿਰਨ ਖੇਰ' ਤੇ 'ਅਬਕੀ ਬਾਰ ਮੋਦੀ ਸਰਕਾਰ' ਦੇ ਨਾਅਰੇ ਲਗਵਾ ਰਹੇ ਹਨ। ਖੇਰ ਨੇ ਟਵਿੱਟਰ 'ਤੇ ਲਿਖਿਆ ਹੈ- 'ਵੋਟ ਫਾਰ ਕਿਰਨ ਖੇਰ, ਅਬਕੀ ਬਾਰ ਮੋਦੀ ਸਰਕਾਰ' ਬੱਚੇ ਭਗਵਾਨ ਦਾ ਰੂਪ ਹੁੰਦੇ ਹਨ। ਖੇਰ ਨੇ ਅੱਗੇ ਲਿਖਿਆ ਹੈ ਕਿ ਹੁਣ ਸਵੇਰੇ-ਸਵੇਰੇ ਮਹੇਸ਼ ਇੰਦਰ ਨੇ ਇਹ ਵੀਡੀਓ ਭੇਜਿਆ। ਚੰਡੀਗੜ੍ਹ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਆਵੇਗਾ ਤਾਂ ਮੋਦੀ ਹੀ। ਚੋਣ ਵਿਭਾਗ ਵੱਲੋਂ ਜਾਰੀ ਨੋਟਿਸ ਵਿਚ ਵੀ ਪ੍ਰਚਾਰ ਲਈ ਸਲੋਗਨ ਦਾ ਜ਼ਿਕਰ ਕੀਤਾ ਹੈ।

ਨੋਟਿਸ ਅਨੁਸਾਰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਐਕਟ ਵੱਲੋਂ ਜਾਰੀ ਕੀਤੇ ਗਏ ਪੱਤਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਅਨੁਸਾਰ ਚੋਣ ਕਮਿਸ਼ਨ ਨੂੰ ਕਿਹਾ ਗਿਆ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਅਧਿਕਾਰੀ ਅਤੇ ਸਿਆਸੀ ਪਾਰਟੀ ਕਿਸੇ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਚੋਣ ਸਰਗਰਮੀ ਵਿਚ ਸ਼ਾਮਲ ਨਾ ਕਰੇ।

ਬੁਖ਼ਲਾ ਗਈ ਹੈ ਭਾਜਪਾ ; ਛਾਬੜਾ

ਇਸ ਮੁੱਦੇ 'ਤੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਬੁਖ਼ਲਾ ਗਈ ਹੈ। ਉਨ੍ਹਾਂ ਦੇ ਆਪਣੇ ਵਰਕਰ ਪ੍ਰਚਾਰ ਨਹੀਂ ਕਰ ਰਹੇ ਹਨ, ਇਸ ਲਈ ਕਿਰਨ ਖੇਰ ਹੁਣ ਬੱਚਿਆਂ ਤੋਂ ਚੋਣ ਪ੍ਰਚਾਰ ਕਰਵਾ ਰਹੀ ਹੈ। ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ।

ਕਾਂਗਰਸ ਬੇਵਜ੍ਹਾ ਮਾਮਲੇ ਨੂੰ ਤੂਲ ਦੇ ਰਹੀ : ਰਾਜ ਬਾਲਾ

ਭਾਜਪਾ ਕੌਂਸਲਰ ਅਤੇ ਸਾਬਕਾ ਮੇਅਰ ਰਾਜਾ ਬਾਲਾ ਮਲਿਕ ਨੇ ਕਿਹਾ ਕਿ ਪੂਰੇ ਸ਼ਹਿਰ ਵਿਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੀ ਲਹਿਰ ਹੈ। ਮਾਪਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਪਤਾ ਹੈ ਕਿ ਅਗਲੀ ਕੇਂਦਰ ਵਿਚ ਸਰਕਾਰ ਮੋਦੀ ਦੀ ਬਣ ਰਹੀ ਹੈ। ਇਸ ਲਈ ਬੱਚਿਆਂ ਵਿਚ ਵੀ ਸੰਸਦ ਮੈਂਬਰ ਕਿਰਨ ਅਤੇ ਪੀਐੱਮ ਮੋਦੀ ਨੂੰ ਲੈ ਕੇ ਉਤਸ਼ਾਹ ਹੈ। ਕਾਂਗਰਸ ਬਿਨਾਂ ਕਾਰਨ ਮਾਮਲੇ ਨੂੰ ਤੂਲ ਦੇ ਰਹੀ ਹੈ।

Posted By: Seema Anand