ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੀ ਐਕਸ਼ਨ ਮੋਡ ’ਤੇ ਆ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਵਿਚਕਾਰ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸੇ ਤਹਿਤ ਭਾਜਪਾ ਦੇ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਸਹਿ ਚੋਣ ਇੰਚਾਰਜ ਮਿਨਾਕਸ਼ੀ ਲੇਖੀ ਤੇ ਸੰਸਦ ਮੈਂਬਰ ਵਿਨੋਦ ਚਾਵਡ਼ਾ ਵੀਰਵਾਰ ਨੂੰ ਪੰਜਾਬ ਭਾਜਪਾ ਦੇ ਸੂਬਾਈ ਆਗੂਆਂ ਨਾਲ ਮੀਟਿੰਗ ਕਰਨਗੇ। ਜਦਕਿ ਇਸ ਮੌਕੇ ਸੂਬਾ ਇੰਚਾਰਜ ਦੁਸ਼ਯੰਤ ਗੌਤਮ ਵੀ ਮੌਜੂਦ ਰਹਿਣਗੇ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਚੋਣ ਇੰਚਾਰਜ ਬਣਾਏ ਗਏ ਗਜੇਂਦਰ ਸ਼ੇਖਾਵਤ ਪੰਜਾਬ ਭਾਜਪਾ ਦੇ ਆਗੂਆਂ ਨਾਲ ਬੈਠਕ ਕਰਨਗੇ। ਇਹ ਬੈਠਕਾਂ ਵੀ ਵੱਖ-ਵੱਖ ਹੋਣਗੀਆਂ। ਸੂਬਾਈ ਕਮੇਟੀ ਤੇ ਜ਼ਿਲ੍ਹਾ ਕਮੇਟੀ ਦੇ ਪ੍ਰਧਾਨਾਂ ਨਾਲ ਕੋਰ ਕਮੇਟੀ ਦੀ ਬੈਠਕ ਵੀ ਹੋਵੇਗੀ। ਪੰਜਾਬ ਭਾਜਪਾ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਪਿੰਡਾਂ ’ਚ ਨਹੀਂ ਜਾ ਪਾ ਰਹੀ। ਇਸੇ ਕਾਰਨ ਭਾਜਪਾ ਨੇ ਸ਼ਹਿਰੀ ਖੇਤਰਾਂ ’ਚ ਆਪਣਾ ਪ੍ਰਭਾਵ ਤੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਤਿੰਨ ਕੇਂਦਰੀ ਮੰਤਰੀ ਕੱਲ੍ਹ ਹੋਣ ਵਾਲੀ ਬੈਠਕ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਹੁਣ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਸੰਗਠਨ ’ਚ ਅਲਖ ਜਗਾਉਣ ਦੀ ਤਿਆਰੀ ਕਰ ਰਹੀ ਹੈ।

ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ ਸ਼ਾਮ 5 ਵਜੇ 28 ਅਕਤੂਬਰ ਨੂੰ ਹੋਏਗੀ। ਜਿਸ ਵਿਚ ਕੇਂਦਰ ਦੇ ਤਿੰਨ ਮੰਤਰੀ ਵੀ ਸ਼ਾਮਲ ਹੋਣਗੇ। ਦੁਪਹਿਰ ਬਾਅਦ 3 ਵਜੇ ਪ੍ਰੈਸ ਕਾਨਫਰੰਸ ਹੋਵੇਗੀ। ਇਸ ਤੋਂ ਪਹਿਲਾਂ ਦੁਪਹਿਰ 12 ਵਜੇ ਜਿਲ੍ਹਾ ਪ੍ਧਾਨਾਂ ਤੇ ਇੰਚਾਰਜਾਂ ਨਾਲ ਵੀ ਮੀਟਿੰਗ ਕੀਤੀ ਜਾਏਗੀ।

ਇਸ ਦੌਰੇ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਦਾ ਐਲਾਨ ਕਰਨ ਵਾਲੇ ਹਨ ਅਤੇ ਉਨ੍ਹਾਂ ਨੇ ਬੀਜੇਪੀ ਦੇ ਨਾਲ ਨਾਲ ਹੋਰ ਪਾਰਟੀਆਂ ਨਾਲ ਸੀਟ ਸ਼ੇਅਰਿੰਗ ਦੀ ਗੱਲ ਵੀ ਕਹੀ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ 3 ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿਚ ਬੀਜੇਪੀ ਦੇ ਚੱਲ ਰਹੇ ਵਿਰੋਧ ਦੌਰਾਨ ਇਹ ਫੇਰੀ ਕਿੰਨੀ ਕੁ ਕਾਮਯਾਬ ਹੋਵੇਗੀ।

Posted By: Tejinder Thind