ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼ੋ੍ਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਅੰਮਿ੍ਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈਐੱਮਸੀ ਹਸਪਤਾਲ, ਜਿਨ੍ਹਾਂ ਨੇ ਕੋਰੋਨਾ ਟੈਸਟਾਂ ਦੀਆਂ ਜਾਅਲੀ ਰਿਪੋਰਟਾਂ ਬਣਾਈਆਂ ਹਨ, ਨੂੰ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਚਾਉਣ ਦਾ ਦੋਸ਼ ਲਾਇਆ ਹੈ। ਮਜੀਠੀਆ ਨੇ ਕਿਹਾ ਕਿ 20 ਦਿਨ ਲੰਘਣ ਮਗਰੋਂ ਵੀ ਕੇਸ ਵਿਚ ਇਕ ਵੀ ਗਿ੍ਫ਼ਤਾਰੀ ਨਹੀਂ ਕੀਤੀ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਿਵਲ ਤੇ ਪੁਲਿਸ ਮਸ਼ੀਨਰੀ ਕਾਂਗਰਸੀਆਂ ਦੇ ਦਬਾਅ ਹੇਠ ਹੈ ਕਿ ਲੈਬ ਮੈਨੇਜਮੈਂਟ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਤੁਲੀ ਡਾਇਗਨੋਸਟਿਕ ਸੈਂਟਰ ਦੇ ਮਾਲਕਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਤੇ ਈਐੱਮਸੀ ਹਸਪਤਾਲ ਦੇ ਮਾਲਕਾਂ ਖ਼ਿਲਾਫ਼ ਗਲਤ ਤਰੀਕੇ ਮੈਡੀਕਲ ਕਾਰਜਾਂ ਵਿਚ ਸ਼ਮੂਲੀਅਤ ਕਰਨ ਦਾ ਕੇਸ ਦਰਜ ਕਰਨ ਤੋਂ ਬਾਅਦ ਇਹ ਕੇਸ ਵਾਪਸ ਮੁੜ ਪੁਲਿਸ ਵਿਭਾਗ ਨੂੰ ਸੌਂਪਣ ਦੇ ਫੈਸਲੇ ਨੇ ਸਮਾਜ ਵਿਚ ਗਲਤ ਸੰਦੇਸ਼ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਸਮਝ ਰਹੇ ਹਨ ਕਿ ਹੁਣ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਐੱਸਆਈਟੀ ਇਸ ਮਾਮਲੇ ਨੂੰ ਰਫਾ-ਦਫਾ ਕਰੇਗੀ ਤੇ ਲੈਬਾਰਟਰੀ ਤੇ ਹਸਪਤਾਲ ਮੈਨੇਜਮੈਂਟ ਨੂੰ ਕਲੀਨ ਚਿੱਟ ਦੇ ਦੇਵੇਗੀ ਭਾਵੇਂ ਕਿ ਉਹ ਅਪਰਾਧ 'ਚ ਸਿੱਧੇ ਤੌਰ 'ਤੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਕਾਂਗਰਸ ਸਰਕਾਰ ਦੇ ਚੋਟੀ ਦੇ ਪ੍ਰਤੀਨਿਧਾਂ ਤਕ ਪੈਸੇ ਦਾ ਲੈਣ ਦੇਣ ਕੀਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਕੇਸ ਵਿਜੀਲੈਂਸ ਵਿਭਾਗ ਤੋਂ ਵਾਪਸ ਲੈ ਕੇ ਪੁਲਿਸ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ।