ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਬੀਜ ਘੁਟਾਲੇ ਤੋਂ ਬਾਅਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਬੀਮਾ ਘੁਟਾਲੇ ਦੇ ਦੋਸ਼ ਲੱਗੇ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਹਿਕਾਰਤਾ ਮੰਤਰੀ ਰੰਧਾਵਾ 'ਤੇ ਵਿਭਾਗ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ 'ਤੇ ਬੀਮੇ ਦੀ ਰਾਸ਼ੀ ਦਿਵਾਉਣ ਵਾਸਤੇ ਸਾਰੇ ਨਿਯਮ ਛਿੱਕੇ ਟੰਗ ਕੇ ਇਕ ਅਣਜਾਣ ਕੰਪਨੀ ਨੂੰ ਟੈਂਡਰ ਅਲਾਟ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਮਜੀਠੀਆ ਨੇ ਕਿਹਾ ਕਿ ਵਿਭਾਗ ਦੇ ਮੁਲਾਜ਼ਮਾਂ ਦੀ ਕੋਰੋਨਾ ਨਾਲ ਮੌਤ ਹੋਣ 'ਤੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਲਈ ਟੈਂਡਰ ਭਰਨ ਵਾਲੀ ਇਕਲੌਤੀ ਫਰਮ ਨੂੰ ਨਿਯਮ ਤੋੜ ਕੇ ਟੈਂਡਰ ਦਿੱਤੇ ਗਏ। ਇਸ ਨਾਲ ਪੰਜਾਬ ਸਰਕਾਰ ਦੇ ਆਮ ਵਿੱਤੀ ਨਿਯਮ 2017 ਦੀ ਉਲੰਘਣਾ ਹੋਈ ਹੈ। ਨਿਯਮ ਕਹਿੰਦੇ ਹਨ ਕਿ ਇਕ ਹੀ ਸਰੋਤ ਤੋਂ ਖ਼ਰੀਦ ਤਾਂ ਹੀ ਕੀਤੀ ਜਾ ਸਕਦੀ ਹੈ, ਜੇਕਰ ਸਿਰਫ ਉਹ ਵਿਸ਼ੇਸ਼ ਫਰਮ ਹੀ ਸੇਵਾਵਾਂ ਦੇਣ ਦੇ ਸਮਰਥ ਹੋਵੇ। ਮਜੀਠੀਆ ਨੇ ਕਿਹਾ ਕਿ ਗੋ ਡਿਜ਼ਿਟਲ ਨਾਂ ਦੀ ਕੰਪਨੀ ਨੂੰ ਠੇਕਾ ਦੇਣ ਤੋਂ ਤਿੰਨ ਦਿਨ ਪਹਿਲਾਂ 8 ਮਈ ਨੂੰ ਰਾਜ ਸਰਕਾਰ ਨੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਸੀ। ਸਹਿਕਾਰਤਾ ਮੰਤਰੀ ਨੇ 11 ਮਈ ਨੂੰ ਆਪਣੇ ਵਿਭਾਗ ਦੇ ਮੁਲਾਜ਼ਮ ਦੀ ਕੋਰੋਨਾ ਨਾਲ ਮੌਤ ਹੋਣ ਦੀ ਸੂਰਤ ਵਿਚ ਮੁਆਵਜ਼ਾ ਦਿਵਾਉਣ ਲਈ ਟੈਂਡਰ ਭਰਨ ਵਾਲੀ ਇਕਲੌਤੀ ਤੇ ਅਣਜਾਣ ਕੰਪਨੀ ਗੋ ਡਿਜੀਟਲ ਬੀਮਾ ਕੰਪਨੀ ਨੂੰ ਠੇਕਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਟੈਂਡਰ ਦਸਤਾਵੇਜ਼ ਵਿਚ ਸਪੱਸ਼ਟ ਲਿਖਿਆ ਹੈ ਕਿ ਟੈਂਡਰ ਲਈ ਅਪਲਾਈ ਕਰਨ ਵਾਲੀ ਕੰਪਨੀ ਕੋਲ ਢੁੱਕਵੇਂ ਵਿੱਤੀ ਸਰੋਤ ਅਤੇ ਚੰਗਾ ਟਰੈਕ ਰਿਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਨਾਲ ਮੌਤ ਹੋਣ 'ਤੇ ਸਰਕਾਰ ਨੇ 50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਸੀ ਤਾਂ ਸਹਿਕਾਰਤਾ ਵਿਭਾਗ ਨੂੰ ਵੱਖ ਤੋਂ ਬੀਮਾ ਕਰਨ ਦੀ ਕੀ ਲੋੜ ਸੀ।

ਮਜੀਠੀਆ ਨੇ ਕਿਹਾ ਕਿ ਸਰਕਾਰ ਦੀ ਰਵਾਇਤ ਅਨੁਸਾਰ ਜੇਕਰ ਪਹਿਲੀ ਵਾਰ ਸਿਰਫ ਇਕ ਹੀ ਕੰਪਨੀ ਦਾ ਟੈਂਡਰ ਮਿਲਦਾ ਹੈ ਤਾਂ ਟੈਕਨੀਕਲ ਬੋਲੀ ਨਹੀਂ ਖੋਲ੍ਹੀ ਜਾਂਦੀ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਜੇਕਰ ਹੋਰ ਬੋਲੀਆਂ ਪ੍ਰਰਾਪਤ ਹੁੰਦੀਆਂ ਹਨ ਤੇ ਤਕਨੀਕੀ ਮੁਲਾਂਕਣ ਪਿੱਛੋਂ ਸਿਰਫ ਇਕ ਹੀ ਕੰਪਨੀ ਯੋਗ ਪਾਈ ਜਾਂਦੀ ਹੈ ਤਾਂ ਵੀ ਟੈਂਡਰ ਨਹੀਂ ਖੋਲਿ੍ਹਆ ਜਾਂਦਾ ਪਰ ਇਸ ਮਾਮਲੇ ਵਿਚ ਮੰਤਰੀ ਨੇ ਗੋ ਡਿਜੀਟਲ ਨੂੰ ਟੈਂਡਰ ਅਲਾਟ ਕਰਨ ਲਈ ਟੈਂਡਰ ਅਲਾਟਮੈਂਟ ਕਮੇਟੀ ਨੂੰ ਵੀ ਅਣਡਿੱਠ ਕਰ ਦਿੱਤਾ, ਜਿਸ ਕਾਰਨ ਇਸ ਮਾਮਲੇ 'ਚੋਂ ਭਿ੍ਸ਼ਟਾਚਾਰ ਦੀ ਬਦਬੂ ਆ ਰਹੀ ਹੈ। ਉਨ੍ਹਾਂ ਨੇ ਟੈਂਡਰ ਰੱਦ ਕਰਨ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।

ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਪਾਰਟੀ ਦੇ ਦਫਤਰ ਸਕੱਤਰ ਚਰਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।

ਐਮਰਜੈਂਸੀ ਹਾਲਾਤ 'ਚ ਪੂਰੇ ਪਰਿਵਾਰ ਦਾ ਕੀਤਾ ਬੀਮਾ : ਰੰਧਾਵਾ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਚੁਣੌਤੀ ਦਿੱਤੀ ਕਿ ਉਹ ਕਿਸੇ ਵੀ ਏਜੰਸੀ ਤੋਂ ਜਾਂਚ ਕਰਵਾ ਲੈਣ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੇ ਐਮਰਜੈਂਸੀ ਹਾਲਾਤ ਵਿਚ ਸਮੁੱਚੇ ਪਰਿਵਾਰ ਦਾ ਬੀਮਾ ਕੀਤਾ ਹੈ। ਮਾਰਕਫੈੱਡ, ਮਿਲਕਫੈੱਡ ਤੇ ਸੁਸਾਇਟੀਆਂ ਵੱਲੋਂ ਕੋਵਿਡ-19 ਦੌਰਾਨ ਅੱਗੇ ਹੋ ਕੇ ਲੜਾਈ ਲੜੀ ਗਈ ਅਤੇ ਕਿਸੇ ਤਰ੍ਹਾਂ ਦੀ ਸਪਲਾਈ ਨਹੀਂ ਰੁਕਣ ਦਿੱਤੀ ਗਈ। ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਅਧੀਨ ਬਹੁਤ ਸਾਰੇ ਮੁਲਾਜ਼ਮ ਕੱਚੇ ਤੇ ਠੇਕਾ ਆਧਾਰਿਤ ਹਨ, ਜਿਸ ਕਰਕੇ ਮੁਲਾਜ਼ਮਾਂ ਦੇ ਸਮੁੱਚੇ ਪਰਿਵਾਰ ਨੂੰ ਬੀਮਾ ਕਵਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਟੈਂਡਰ ਨਿਯਮਾਂ ਅਨੁਸਾਰ ਦਿੱਤੇ ਗਏ ਹਨ।