ਰੋਹਿਤ ਕੁਮਾਰ, ਚੰਡੀਗਡ਼੍ਹ : ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਸਾਜ਼ਿਸ਼ਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ 2021 ਤੋਂ ਹੀ ਮੂਸੇਵਾਲਾ ਦੀ ਹੱਤਿਆ ਕਰਵਾਉਣ ਦਾ ਯਤਨ ਕਰ ਰਿਹਾ ਸੀ। ਉਸ ਨੇ ਪਿਛਲੇ ਵਰ੍ਹੇ ਅਗਸਤ ਅਤੇ ਫਿਰ ਜਨਵਰੀ 2022 ਵਿਚ ਮੂਸੇਵਾਲਾ ਦੀ ਹੱਤਿਆ ਦੀ ਕੋਸ਼ਿਸ਼ ਕਰਵਾਈ ਪਰ ਅਸਫਲ ਰਿਹਾ। ਇਸ ਤੋਂ ਬਾਅਦ 29 ਮਈ ਨੂੰ ਉਸ ਦੇ ਸ਼ੂਟਰਾਂ ਨੇ ਮੂਸੇਵਾਲਾ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸ਼ੂਟਰ 25 ਮਈ ਨੂੰ ਹੀ ਮਾਨਸਾ ਪਹੁੰਚ ਗਏ ਸਨ ਅਤੇ 27 ਮਈ ਨੂੰ ਵੀ ਉਨ੍ਹਾਂ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਇਹ ਜਾਣਕਾਰੀ ਵੀਰਵਾਰ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਚੀਫ ਤੇ ਏਡੀਜੀਪੀ ਪ੍ਰਮੋਦ ਬਾਨ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ।

ਉਨ੍ਹਾਂ ਦੱਸਿਆ ਕਿ ਲਾਰੈਂਸ ਤੋਂ ਹੋ ਰਹੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਦੀ ਕੋਸ਼ਿਸ਼ ਲਈ ਉਸ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ ਗੋਲਡੀ ਬਰਾਡ਼, ਆਪਣੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਦੀ ਮਦਦ ਲਈ। ਅਗਸਤ 2021 ਅਤੇ ਜਨਵਰੀ 2022 ਵਿਚ ਜਦੋਂ ਉਹ ਅਸਫਲ ਰਹੇ ਤਾਂ ਲਾਰੈਂਸ ਨੇ ਆਪਣੇ ਭਰਾ ਅਨਮੋਲ ਤੇ ਭਤੀਜੇ ਸਚਿਨ ਨੂੰ ਫਰਜ਼ੀ ਪਾਸਪੋਰਟ ’ਤੇ ਵਿਦੇਸ਼ ਭੇਜ ਦਿੱਤਾ, ਤਾਂਕਿ ਉਹ ਸੁਰੱਖਿਅਤ ਰਹਿਣ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਕ੍ਰਾਈਮ ਬ੍ਰਾਂਚ ਵੱਲੋਂ ਅਨਮੋਲ ਅਤੇ ਸਚਿਨ ਖ਼ਿਲਾਫ਼ ਫਰਜ਼ੀ ਪਾਸਪੋਰਟ ਮਾਮਲੇ ਵਿਚ ਨਵਾਂ ਕੇਸ ਦਰਜ ਕਰ ਲਿਆ ਗਿਆ ਹੈ। ਏਜੀਟੀਐੱਫ ਚੀਫ ਪ੍ਰਮੋਦ ਬਾਨ ਨੇ ਦੱਸਿਆ ਕਿ ਅਨਮੋਲ ਦਾ ਪਾਸਪੋਰਟ ਭਾਨੂੰ ਪ੍ਰਤਾਪ ਦੇ ਨਾਂ ’ਤੇ ਫਰੀਦਾਬਾਦ ਅਤੇ ਸਚਿਨ ਦਾ ਪਾਸਪੋਰਟ ਤਿਲਕ ਰਾਜ ਟੁਟੇਜਾ ਦੇ ਨਾਂ ’ਤੇ ਦਿੱਲੀ ਦੇ ਪਤੇ ’ਤੇ ਬਣਾਇਆ ਗਿਆ। ਸਚਿਨ ਨੇ ਇਕ ਚੈਨਲ ਨੂੰ ਇੰਟਰਵਿਊ ਦੇ ਕੇ ਹੱਤਿਆ ਦੀ ਜ਼ਿੰਮੇਦਾਰੀ ਲੈਣ ਵਾਲਾ ਬਿਆਨ ਦੇ ਕੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਮੂਸੇਵਾਲਾ ਦੀ ਹੱਤਿਆ ਦੇ ਦਿਨ ਉਹ ਵਿਦੇਸ਼ ਵਿਚ ਸੀ।

ਏਜੀਟੀਐੱਫ ਚੀਫ ਪ੍ਰਮੋਦ ਬਾਨ ਮੁਤਾਬਕ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਵਿਚ ਮੰਨਿਆ ਕਿ ਉਹ ਜੇਲ੍ਹ ਵਿਚ ਮੋਬਾਈਲ ਫੋਨ ਦਾ ਇਸਤੇਮਾਲ ਕਰਦਾ ਹੈ। ਪੁੱਛਗਿੱਛ ਵਿਚ ਇਹ ਵੀ ਪਤਾ ਲੱਗਾ ਕਿ ਜੇਲ੍ਹਾਂ ਵਿਚੋਂ ਗੈਂਗਸਟਰ ਆਪਣਾ ਨੈਟਵਰਕ ਕਿਵੇਂ ਚਲਾ ਰਹੇ ਹਨ। ਹੁਣ ਇਸ ਮਾਡਿਊਲ ਨੂੰ ਤੋਡ਼ਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੀ ਹੱਤਿਆ ਵਿਚ ਏਐੱਨ-94 ਨਹੀਂ ਬਲਕਿ ਏਕੇ ਸੀਰੀਜ਼ ਦੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਜਿਹਡ਼ੇ ਹਥਿਆਰ ਫਡ਼ੇ ਹਨ ਉਨ੍ਹਾਂ ਦੀ ਫਾਰੈਂਸਿਕ ਜਾਂਚ ਤੋਂ ਪਤਾ ਲੱਗੇਗਾ ਕਿ ਹਮਲੇ ਵਿਚ ਇਨ੍ਹਾਂ ਦਾ ਇਸਤੇਮਾਲ ਹੋਇਆ ਹੈ ਜਾਂ ਨਹੀਂ। ਦਿੱਲੀ ਪੁਲਿਸ ਵੱਲੋਂ ਫਡ਼ੇ ਗਏ ਸ਼ੂਟਰਾਂ ਤੋਂ ਪੰਜਾਬ ਪੁਲਿਸ ਦੀ ਟੀਮ ਵੀ ਪੁੱਛਗਿੱਛ ਕਰ ਰਹੀ ਹੈ। ਬਾਕੀ ਸ਼ੂਟਰਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ, ਦਿੱਲੀ ਸਣੇ ਮਹਾਰਾਸ਼ਟਰ, ਹਰਿਆਣਾ, ਰਾਜਸਥਾਨ ਪੁਲਿਸ ਤੋਂ ਇਲਾਵਾ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਦੌਰਾਨ ਪੁਲਿਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਦੇ ਦੋਸ਼ ਵਿਚ ਹਰਿਆਣਾ ਤੋਂ ਇਕ ਹੋਰ ਮੁਲਜ਼ਮ ਬਲਦੇਵ ਉਰਫ਼ ਬਿੱਲੂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਹੁਣ ਤਕ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਫਿਰੌਤੀ ਮੰਗਣ ਵਾਲੇ ਜ਼ਿਆਦਾਤਰ ਮਾਮਲੇ ਫਰਜ਼ੀ

ਪੰਜਾਬ ਵਿਚ ਫਿਰੌਤੀ ਮੰਗਣ ਲਈ ਆ ਰਹੀਆਂ ਫੋਨ ਕਾਲਾਂ ਨੂੰ ਲੈ ਕੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਹੁਣ ਤਕ ਜਾਂਚ ਵਿਚ 35 ਤੋਂ ਵੱਧ ਮਾਮਲੇ ਫਰਜ਼ੀ ਪਾਏ ਗਏ ਹਨ। ਲੋਕ ਨਿੱਜੀ ਰੰਜਿਸ਼ ਵਿਚ ਅਜਿਹੇ ਫੋਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਮਿਲੀ ਧਮਕੀ ਦੀ ਜਾਂਚ ਸਥਾਨਕ ਪੁਲਿਸ ਨੂੰ ਸੌਂਪੀ ਗਈ ਹੈ। ਉੱਥੇ ਪਿਛਲੇ ਤਿੰਨ ਮਹੀਨਿਆਂ ਵਿਚ 147 ਗੈਂਗਸਟਰ ਗ੍ਰਿਫ਼ਤਾਰ ਕਰ ਕੇ ਤਿੰਨ ਮਾਡਿਊਲ ਤੋਡ਼ ਕੇ 130 ਹਥਿਆਰ ਫਡ਼ੇ ਗਏ ਹਨ।

Posted By: Tejinder Thind