- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ, ਹਰਿਆਣਾ ਸਮੇਤ ਹੋਰ ਰਾਜਾਂ ਤੋਂ ਡਿਪਿਊਟੇਸ਼ਨ 'ਤੇ ਆਏ ਸਾਰੇ ਕਰਮਚਾਰੀਆਂ ਨੂੰ ਹੁਣ ਯੂਟੀ ਕਰਮਚਾਰੀਆਂ ਦੇ ਬਰਾਬਰ ਭੱਤੇ ਦਿੱਤੇ ਜਾਣਗੇ। ਪੰਜ ਫ਼ਰਵਰੀ ਨੂੰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ 8 ਜੂਨ ਨੂੰ ਪਰਸੋਨਲ ਵਿਭਾਗ ਨੇ ਵੀ ਭੱਤੇ ਦੇਣ ਸਬੰਧੀ ਅਧਿਕਾਰਿਕ ਐਲਾਨ ਕਰ ਦਿੱਤਾ ਹੈ। ਇਸ ਹੁਕਮ ਨਾਲ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ ਪੰਜ ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਆਰਥਿਕ ਲਾਭ ਮਿਲੇਗਾ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚੰਡੀਗੜ੍ਹ: ਪੰਜਾਬ, ਹਰਿਆਣਾ ਸਮੇਤ ਹੋਰ ਰਾਜਾਂ ਤੋਂ ਡਿਪਿਊਟੇਸ਼ਨ 'ਤੇ ਆਏ ਸਾਰੇ ਕਰਮਚਾਰੀਆਂ ਨੂੰ ਹੁਣ ਯੂਟੀ ਕਰਮਚਾਰੀਆਂ ਦੇ ਬਰਾਬਰ ਭੱਤੇ ਦਿੱਤੇ ਜਾਣਗੇ। ਪੰਜ ਫ਼ਰਵਰੀ ਨੂੰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ 8 ਜੂਨ ਨੂੰ ਪਰਸੋਨਲ ਵਿਭਾਗ ਨੇ ਵੀ ਭੱਤੇ ਦੇਣ ਸਬੰਧੀ ਅਧਿਕਾਰਿਕ ਐਲਾਨ ਕਰ ਦਿੱਤਾ ਹੈ। ਇਸ ਹੁਕਮ ਨਾਲ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿਚ ਤਾਇਨਾਤ ਪੰਜ ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਆਰਥਿਕ ਲਾਭ ਮਿਲੇਗਾ।
ਗੌਰਤਲਬ ਹੈ ਕਿ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਬੀ, ਸੀ ਅਤੇ ਡੀ ਗ੍ਰੇਡ ਦੇ ਕਰਮਚਾਰੀ ਕੋਟੇ ਅਧੀਨ ਡਿਪਿਊਟੇਸ਼ਨ 'ਤੇ ਆਉਂਦੇ ਹਨ। ਕੋਟੇ ਅਧੀਨ ਪ੍ਰਤਿਨਿਯੁਕਤੀ ਮਿਲਣ ਕਾਰਨ ਉਨ੍ਹਾਂ ਨੂੰ ਡਿਪਿਊਟੇਸ਼ਨ ਅਲਾਊਅੰਸ ਜਾਂ ਹੋਰ ਭੱਤਿਆਂ ਦਾ ਲਾਭ ਨਹੀਂ ਮਿਲਦਾ ਸੀ। ਚੰਡੀਗੜ੍ਹ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਡਿਪਿਊਟੇਸ਼ਨ ਦੀ ਮਿਆਦ ਸੱਤ ਸਾਲ ਤੈਅ ਕੀਤੀ ਹੈ, ਜਿਸ ਤੋਂ ਬਾਅਦ ਹੁਣ ਕਰਮਚਾਰੀਆਂ ਨੂੰ ਸਾਰੇ ਤਰ੍ਹਾਂ ਦੇ ਭੱਤੇ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਹਰਿਆਣਾ ਡਿਪਿਊਟੇਸ਼ਨ ਯੂਨੀਅਨ ਨੇ ਇਸ ਲਈ ਧੰਨਵਾਦ ਪ੍ਰਗਟ ਕੀਤਾ ਹੈ। ਯੂਨੀਅਨ ਦੇ ਸਕੱਤਰ ਰਾਜਬੀਰ ਨੈਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡੀ ਕੋਸ਼ਿਸ਼ ਨਿਯਮਾਂ ਅਨੁਸਾਰ ਭੱਤੇ ਪ੍ਰਾਪਤ ਕਰਨ ਦੀ ਸੀ। ਸਾਨੂੰ ਉਮੀਦ ਹੈ ਕਿ ਪ੍ਰਸ਼ਾਸਨ ਸਾਰੇ ਆਰਥਿਕ ਲਾਭ ਸਹੀ ਢੰਗ ਨਾਲ ਮੁਹੱਈਆ ਕਰਵਾਏਗਾ।
ਬਾਕਸ: ਆਰਥਿਕ ਲਾਭਾਂ ਦੇ ਨਾਲ ਛੁੱਟੀਆਂ ਅਤੇ ਵਰਕਿੰਗ ਡੇਜ਼ ਨੂੰ ਲੈ ਕੇ ਵੀ ਮਤਭੇਦ
ਡਿਪਿਊਟੇਸ਼ਨ ਕਰਮਚਾਰੀਆਂ ਨੂੰ ਚੰਡੀਗੜ੍ਹ ਦੇ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਅਤੇ ਭੱਤੇ ਦੇਣ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਕਰਮਚਾਰੀ ਯੂਨੀਅਨ ਨੇ ਮੰਗ ਕੀਤੀ ਹੈ ਕਿ ਛੁੱਟੀਆਂ ਅਤੇ ਕੰਮਕਾਜੀ ਦਿਨਾਂ ਸਬੰਧੀ ਵੀ ਸੋਧ ਕੀਤੀ ਜਾਵੇ। ਇਸ ਸਬੰਧੀ ਯੂਨੀਅਨ ਵੱਲੋਂ ਪ੍ਰਸ਼ਾਸਕ ਨੂੰ ਮੰਗ ਪੱਤਰ ਵੀ ਸੌਂਪਿਆ ਜਾ ਚੁੱਕਾ ਹੈ।
ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਪੰਜਾਬ ਦੇ ਕਰਮਚਾਰੀਆਂ ਨੂੰ 20 ਕੈਜ਼ੂਅਲ ਛੁੱਟੀਆਂ ਮਿਲਦੀਆਂ ਹਨ, ਜਦਕਿ ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਸਿਰਫ਼ ਅੱਠ ਕੈਜ਼ੂਅਲ ਛੁੱਟੀਆਂ ਹੀ ਦਿੱਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਹਰਿਆਣਾ ਵਿੱਚ ਮਹਿਲਾ ਕਰਮਚਾਰੀਆਂ ਨੂੰ 45 ਅਤੇ ਪੁਰਸ਼ ਕਰਮਚਾਰੀਆਂ ਨੂੰ 25 ਛੁੱਟੀਆਂ ਮਿਲਦੀਆਂ ਹਨ। ਪੰਜਾਬ ਅਤੇ ਹਰਿਆਣਾ ਦੇ ਕਰਮਚਾਰੀਆਂ ਨੂੰ ਮੈਡੀਕਲ ਲੀਵ ਦਾ ਲਾਭ ਵੀ ਮਿਲਦਾ ਹੈ, ਜਦਕਿ ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਇਹ ਸਹੂਲਤ ਉਪਲਬਧ ਨਹੀਂ ਹੈ।
ਚੰਡੀਗੜ੍ਹ ਕੈਡਰ ਦੇ ਕਰਮਚਾਰੀਆਂ ਦੀ ਮੰਗ ਹੈ ਕਿ ਤਨਖ਼ਾਹ ਅਤੇ ਭੱਤਿਆਂ ਦੇ ਨਾਲ-ਨਾਲ ਛੁੱਟੀਆਂ ਅਤੇ ਹੋਰ ਸਹੂਲਤਾਂ ਵੀ ਬਰਾਬਰੀ ਦੇ ਆਧਾਰ 'ਤੇ ਦਿੱਤੀਆਂ ਜਾਣ।