ਪੰਜਾਬੀ ਜਾਗਰਣ ਬਿਊਰੋ, ਪਟਿਆਲਾ : ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੁੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੰਜਾਬੀ ਵਿਚ ਪ੍ਰੀਖਿਆ ਲੈਣੀ ਬੰਦ ਕਰਨ ਦਾ ਗੰਭੀਰ ਨੋਟਿਸ ਲੈਣ ਅਤੇ ਕਿਹਾ ਹੈ ਕਿ ਅੱਜ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੰਜਾਬੀ ਵਿਚ ਪ੍ਰੀਖਿਆ ਲੈਣੀ ਬੰਦੀ ਕੀਤੀ ਹੈ ਤੇ ਕੱਲ੍ਹ ਨੂੰ ਸਕੂਲਾਂ ਵਿਚ ਪੰਜਾਬੀ ਪੜ੍ਹਾਉਣੀ ਬੰਦ ਕੀਤੀ ਜਾਵੇਗੀ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਗੁਰੂ ਪੀਰਾਂ ਦੀ ਧਰਤੀ 'ਤੇ ਪੰਜਾਬੀ ਵਿਚ ਪ੍ਰੀਖਿਆ ਲੈਣ 'ਤੇ ਰੋਕ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਹ ਵਰਤਾਰਾ ਤਾਂ ਹੀ ਵਾਪਰ ਰਿਹਾ ਹੈ ਕਿਉਂਕਿ ਪੰਜਾਬ ਵਿਚ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਇਸੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਦਿੱਲੀ ਵਿਚ ਸਕੂਲਾਂ ਵਿਚ ਪੰਜਾਬੀ ਪੜ੍ਹਨ 'ਤੇ ਰੋਕ ਲਗਾਈ, ਪੰਜਾਬੀ ਅਧਿਆਪਕਾਂ ਦੀ ਭਰਤੀ 'ਤੇ ਰੋਕ ਲਗਾਈ ਤੇ ਕੋਈ ਵੀ ਪੰਜਾਬੀ ਮੰਤਰੀ ਦਿੱਲੀ ਵਿਚ ਨਹੀਂ ਬਣਾਇਆ ਹਾਲਾਂਕਿ ਦਿੱਲੀ ਵਿਚ ਵੱਡੀ ਆਬਾਦੀ ਪੰਜਾਬੀ ਬੋਲਣ ਤੇ ਲਿਖਣ ਵਾਲੀ ਹੈ।

ਸਿਰਸਾ ਨੇ ਕਿਹਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਫੈਸਲੇ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦੇ ਦਿਲਾਂ ਨੂੰ ਸੱਟ ਵੱਜੀ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਚਰਨਾਂ ਵਿਚ ਬੇਨਤੀ ਕਰਦੇ ਹਨ ਕਿ ਪੰਜਾਬੀ ਬੰਦ ਨਾ ਕਰੋ ਤੇ ਪੰਜਾਬੀ ਬਹਾਲੀ ਕਰੋ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਲੋਕਾਂ ਨੁੰ ਗੁਰਮੁਖੀ ਨਾਲ ਜੋੜਨ ਦਾ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਅੱਜ ਪਬਲਿਕ ਸਰਵਿਸ ਕਮਿਸ਼ਨ ਵਿਚ ਪੰਜਾਬੀ ਬੰਦ ਹੋਈ ਹੈ ਤੇ ਹੌਲੀ ਹੌਲੀ ਸਕੂਲਾਂ ਵਿਚ ਬੰਦ ਹੋਵੇਗੀ। ਇਸ ਲਈ ਲਾਜ਼ਮੀ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਇਸ ਪਾਸੇ ਧਿਆਨ ਦੇਣ।

Posted By: Seema Anand