ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੈਪਟਨ ਤੇ ਬਾਦਲਾਂ ਦੇ ਦਹਾਕਿਆਂ ਤੋਂ ਫਰੈਂਡਲੀ ਮੈਚ ਦੀ ਪੰਜਾਬ ਸਜਾ ਭੁਗਤ ਰਿਹਾ ਹੈ। ਖ਼ੁਸ਼ਹਾਲ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਲਈ ਕੈਪਟਨ ਤੇ ਬਾਦਲਾਂ ਦਾ ਭ੍ਰਿਸ਼ਟ ਤੇ ਮਾਫ਼ੀਆ ਰਾਜ ਜ਼ਿੰਮੇਵਾਰ ਹੈ। ਪੰਜਾਬ ਦੀ ਲੁੱਟੀ ਗਈ ਸ਼ਾਨ ਮੁੜ ਬਹਾਲ ਕਰਨ ਲਈ ਭ੍ਰਿਟਾਚਾਰ ਮੁਕਤ ਤੇ ਸੱਚੀ-ਸੁੱਚੀ ਨੀਅਤ ਵਾਲੀ ਸਰਕਾਰ ਦੀ ਜ਼ਰੂਰਤ ਹੈ। ਇਸ ਲਈ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਮਾਡਲ ਹੀ ਇਕਲੌਤਾ ਬਦਲ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੰਬੋਧਤ ਹੁੰਦਿਆਂ ਕਿਹਾ, 'ਤੁਸੀਂ 13 ਸਾਲਾਂ ਤੋਂ ਅਦਾਲਤੀ ਕੇਸਾਂ ਦਾ ਹਵਾਲਾ ਦੇ ਕੇ ਕਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਸਾਰਾ ਪੰਜਾਬ ਜਾਣਦਾ ਹੈ ਕਿ ਪੰਜਾਬ ਨੂੰ ਲੁੱਟਣ ਤੇ ਕੁੱਟਣ ਲਈ ਵਾਰੀ ਬੰਨ੍ਹ ਕੇ ਸੱਤਾ ਹਾਸਲ ਕਰਨ ਲਈ ਪਿਛਲੇ 19 ਸਾਲਾਂ ਤੋਂ ਫਰੈਂਡਲੀ ਮੈਚ ਖੇਡ ਰਹੇ ਹੋ।'

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਅੰਦਰ ਕੋਈ ਸਾਫ਼ ਨੀਅਤ ਤੇ ਨੀਤੀਆਂ ਵਾਲੀ ਭ੍ਰਿਸ਼ਟਾਚਾਰ ਮੁਕਤ ਸਰਕਾਰ ਆਈ ਹੁੰਦੀ ਤਾਂ ਅੰਨ੍ਹੇਵਾਹ ਭ੍ਰਿਸ਼ਟਾਚਾਰ ਕਰਨ ਵਾਲੇ ਕੈਪਟਨ ਤੇ ਬਾਦਲ ਟੱਬਰਾਂ ਸਮੇਤ ਸਲਾਖ਼ਾਂ ਪਿੱਛੇ ਹੁੰਦੇ। ਭਗਵੰਤ ਮਾਨ ਨੇ ਕੈਪਟਨ ਨੂੰ ਪੁੱਛਿਆ ਕਿ ਬਾਦਲਾਂ ਦੇ 3500 ਕਰੋੜ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਵਾਲੇ ਦੋਸ਼ਾਂ ਤਹਿਤ 2002 'ਚ ਦਰਜ ਕੀਤੇ ਗਏ ਕੇਸ ਦਾ ਕੀ ਬਣਿਆ? ਜਦੋਂ ਬਾਦਲਾਂ ਵਿਰੁੱਧ ਸਾਰੇ ਨਿੱਜੀ ਅਤੇ ਸਰਕਾਰੀ ਗਵਾਹ ਮੁੱਕਰ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਚੁੱਪ ਕਿਉਂ ਬੈਠੇ ਰਹੇ? ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕੀਤਾ ਜਾਵੇ ਕਿ 2017 'ਚ ਮੁੜ ਸੱਤਾ 'ਚ ਆਉਣ ਪਿੱਛੋਂ ਕੈਪਟਨ ਸਰਕਾਰ ਨੇ ਬਾਦਲਾਂ ਦੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਮੁੜ ਕਿਉਂ ਨਹੀਂ ਖੋਲ੍ਹਿਆ? ਉਨ੍ਹਾਂ ਸਰਕਾਰੀ ਅਫ਼ਸਰਾਂ ਵਿਰੁੱਧ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਜੋ ਬਾਦਲਾਂ ਖ਼ਿਲਾਫ਼ ਗਵਾਹੀ ਦੇਣ ਤੋਂ ਮੁੱਕਰ ਗਏ ਸਨ?

ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਨੇ ਬਾਦਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਨਵੇਂ ਅਤੇ ਪੁਰਾਣੇ ਕੇਸਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਕੇਸਾਂ ਨੂੰ ਇਸ ਕਰਕੇ ਠੰਢੇ ਬਸਤੇ 'ਚ ਸੁੱਟ ਦਿੱਤਾ ਕਿਉਂਕਿ ਫਰੈਂਡਲੀ ਮੈਚ ਅਨੁਸਾਰ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਵਿਰੁੱਧ ਇੰਟਰਨੈਟ ਘੁਟਾਲਾ, ਅੰਮ੍ਰਿਤਸਰ ਇੰਪਰੂਵਮੈਂਟ ਸਕੈਂਡਲ ਅਤੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਕੈਪਟਨ ਪਰਿਵਾਰ ਨੂੰ ਉਸੇ ਤਰਾਂ ਮਦਦ ਕੀਤੀ, ਜਿਵੇਂ ਕੈਪਟਨ ਨੇ ਬਾਦਲਾਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਨਾਲ ਜੁੜੇ ਹੋਰ ਮਾਮਲਿਆਂ 'ਚ ਬਾਦਲਾਂ ਦੀ ਮਦਦ ਕੀਤੀ। ਮਾਨ ਮੁਤਾਬਿਕ ਜੇਕਰ ਕੇਂਦਰ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਅਤੇ ਭ੍ਰਿਸ਼ਟਾਚਾਰ ਵਿਰੋਧੀ ਹੁੰਦੀ ਤਾਂ ਵੀ ਕੈਪਟਨ ਅਤੇ ਬਾਦਲ ਪਰਿਵਾਰਾਂ ਦੇ ਮੈਂਬਰ ਸੱਤਾ ਭੋਗਣ ਦੀ ਥਾਂ ਜੇਲ੍ਹਾਂ 'ਚ ਹੁੰਦੇ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਖੜ੍ਹਾ ਕਰਨ ਲਈ ਪੰਜਾਬ ਦਾ ਕਿਸਾਨ, ਨੌਜਵਾਨ ਅਤੇ ਵਪਾਰੀ-ਕਾਰੋਬਾਰੀ ਵਰਗ ਬੇਹੱਦ ਅਹਿਮ ਯੋਗਦਾਨ ਦੇ ਸਕਦਾ ਹੈ, ਪਰੰਤੂ ਕੈਪਟਨ-ਬਾਦਲ ਦੀਆਂ ਨਿਕੰਮੀਆਂ ਤੇ ਭ੍ਰਿਸ਼ਟ ਸਰਕਾਰਾਂ ਲੈ ਨਹੀਂ ਸਕੀਆਂ।

Posted By: Amita Verma