ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਦਵਾਈ ਦਾ ਟੀਕਾ ਜ਼ਰੂਰ ਲਵਾਉਣ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਕੋੋਰੋਨਾ ਮਹਾਮਾਰੀ ਦੌਰਾਨ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਵਿਚ ਫੇਲ੍ਹ ਹੋਈ ਹੈ, ਪਰ ਸੂਬੇ ਦੇ ਲੋਕਾਂ ਨੂੰ ਡਾਕਟਰਾਂ ਵੱਲੋਂ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਦੀ ਲਾਜ਼ਮੀ ਤੌਰ 'ਤੇ ਪਾਲਣਾ ਕਰਨੀ ਚਾਹੀਦੀ ਹੈ।

ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਟੀਕਾ ਬਹੁਤ ਵੱਡਾ ਸਾਧਨ ਹੈ। ਇਸ ਲਈ ਬਿਨਾਂ ਕਿਸੇ ਡਰ-ਭੈਅ ਤੋਂ ਡਾਕਟਰਾਂ ਦੀ ਸਲਾਹ ਅਨੁਸਾਰ ਹਰੇਕ ਵਿਅਕਤੀ ਨੂੰ ਇਹ ਟੀਕਾ ਲਵਾਉਣਾ ਚਾਹੀਦਾ। ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਬਚਾਅ ਲਈ ਜ਼ਰੂਰੀ ਟੀਕਾਕਾਰਨ ਮੁਫ਼ਤ ਕੀਤਾ ਜਾਵੇ।

ਕੈਪਟਨ ਸਰਕਾਰ ਦੀ ਅਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਪੀੜਤਾਂ ਦੀ ਮੌਤ ਦਰ 2.4 ਫੀਸਦੀ ਹੈ ਜੋ ਸਮੁੱਚੇ ਦੇਸ਼ ਦੀ ਔਸਤਨ ਮੌਤ ਦਰ ਤੋਂ ਬਹੁਤ ਜ਼ਿਆਦਾ ਹੈ। ਸੂਬੇ ਦੀ ਕਾਂਗਰਸ ਸਰਕਾਰ ਕੋਰੋਨਾ ਮਹਾਮਾਰੀ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ ਸਿਹਤ ਸਹੂਲਤਾਂ ਦਾ ਸੁਚੱਜਾ ਪ੍ਰਬੰਧ ਕਰਨ ਵਿਚ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਹਸਪਤਾਲਾਂ ਵਿਚ ਗੰਭੀਰ ਪੀੜਤਾਂ ਦੇ ਇਲਾਜ ਲਈ ਵੈਂਟੀਲੇਟਰ ਵਿਵਸਥਾ ਹੀ ਨਹੀਂ ਹੈ। ਸੂਬੇ ਭਰ ਵਿਚ ਜਿੱਥੇ ਦਵਾਈਆਂ ਅਤੇ ਆਕਸੀਜਨ ਦੀ ਵੱਡੀ ਕਮੀ ਹੈ, ਉੱਥੇ ਹੀ ਪੰਜਾਬ ਦੇ ਹਸਪਤਾਲਾਂ 'ਚ ਵੈਂਟੀਲੇਟਰ ਚਲਾਉਣ ਵਾਲੇ ਮੁਲਾਜ਼ਮ ਹੀ ਨਹੀਂ ਹਨ। ਸੂਬੇ ਵਿੱਚ ਡਾਕਟਰਾਂ, ਮੈਡੀਕਲ ਸਟਾਫ ਅਤੇ ਨਰਸਾਂ ਦੀ ਭਰਤੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਵੈਂਟੀਲੇਟਰ ਪ੍ਰਣਾਲੀ ਦੀ ਹਸਪਤਾਲਾਂ ਵਿੱਚ ਪ੍ਰਬੰਧ ਕੀਤੇ ਗਏ ਹਨ।

ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਟੀਕਾਕਰਨ ਦੀ ਰਫ਼ਤਾਰ ਬਹੁਤ ਧੀਮੀ ਹੈ। ਕੈਪਟਨ ਸਰਕਾਰ ਨੇ ਕੇਵਲ 30 ਲੱਖ ਟੀਕੇ ਦੀ ਮੰਗ ਕੀਤੀ ਹੈ, ਜਦੋਂ ਕਿ ਪੰਜਾਬ ਨੂੰ 2.5 ਕਰੋੜ ਟੀਕਿਆਂ ਦੀ ਲੋੜ ਹੈ। ਟੀਕੇ ਦੀ ਘਾਟ ਕਾਰਨ ਇਸ ਦੀ ਕਾਲਾਬਾਜ਼ਾਰ ਵੀ ਸ਼ੁਰੂ ਹੋ ਗਈ, ਨਿੱਜੀ ਹਸਪਤਾਲ ਪੰਜਾਬ 'ਚ 1250 ਰੁਪਏ ਇਕ ਟੀਕੇ ਦੇ ਵਸੂਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਮੌਤ ਦਰ ਬਹੁਤ ਜ਼ਿਆਦਾ ਹੋਣ ਤੋਂ ਪਤਾ ਚੱਲਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਹਾਮਾਰੀ ਨਾਲ ਲੜਨ ਦੇ ਚੰਗੇ ਪ੍ਰਬੰਧ ਕਰਨ ਵਿੱਚ ਫੇਲ੍ਹ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ਮੰਗ ਕੀਤੀ ਹੈ ਕਿ ਲੋਕਾਂ ਨੂੰ ਕੋੋਰੋਨਾ ਤੋਂ ਬਚਾਉਣ ਲਈ ਰਾਸਟਰੀ ਟੀਕਾਕਰਨ ਮੁਹਿੰਮ ਚਲਾਈ ਜਾਵੇ।

ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਪੀੜਤਾਂ ਨੂੰ ਇਲਾਜ ਲਈ ਦਿੱਤੀ ਜਾਂਦੀ 'ਫਤਿਹ ਕਿੱਟ' ਦੀ ਪੰਜਾਬ ਵਿਚ ਵੱਡੀ ਘਾਟ ਪਾਈ ਜਾ ਰਹੀ ਹੈ, ਜਿਸ ਵਿਚ ਆਕਸੀਮੀਟਰ, ਸੈਨੇਟੀਜਰ ਅਤੇ ਮੁੱਢਲੇ ਇਲਾਜ ਲਈ ਲੋੜੀਂਦਾ ਸਮਾਨ ਦਿੱਤਾ ਜਾਂਦਾ ਹੈ। ਇਹ ਕਿੱਟ ਸਰਕਾਰ ਵੱਲੋਂ ਮਰੀਜ਼ ਨੂੰ ਹਸਪਤਾਲ ਅਤੇ ਘਰ ਵਿਚ ਇਕਾਂਤਵਾਸ ਦੌਰਾਨ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਫਤਿਹ ਕਿੱਟ ਦੀ ਕਮੀ ਹੋਣ ਕਾਰਨ ਇਲਾਜ ਦੌਰਾਨ ਲੋੜੀਂਦੇ ਸਾਧਨਾਂ ਦੀ ਕਾਲਾਬਾਜ਼ਾਰੀ ਵੱਧ ਗਈ ਹੈ। ਜਿਹੜੀ ਚੀਜ਼ ਪਹਿਲਾਂ 300 ਰੁਪਏ ਵਿੱਚ ਮਿਲਦੀ ਸੀ , ਉਹੀ ਚੀਜ਼ ਹੁਣ ਇੱਕ ਹਜ਼ਾਰ ਰੁਪਏ ਜ਼ਿਆਦਾ ਦੀ ਕੀਮਤ 'ਤੇ ਮਿਲ ਰਹੀ ਹੈ। ਕੈਪਟਨ ਸਰਕਾਰ ਨੂੰ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

Posted By: Seema Anand