ਸੁਖਦੇਵ ਸਿੰਘ, ਬਟਾਲਾ : ਬਟਾਲਾ ਦੇ ਕ੍ਰਿਸ਼ਨਾ ਨਗਰ ਦੇ ਇਕ ਵਿਅਕਤੀ ਵੱਲੋਂ ਆਪਣੀ ਫੈਕਟਰੀ 'ਚ ਤੜਕਸਾਰ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈ। ਮ੍ਰਿਤਕ ਵਿਅਕਤੀ ਨੇ ਸੁਸਾਈਡ ਨੋਟ 'ਚ ਆਪਣੇ ਭਰਾ 'ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।ਮ੍ਰਿਤਕ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ (44) ਪੁੱਤਰ ਜਸਵਿੰਦਰ ਸਿੰਘ ਨਾਗੀ ਵਾਸੀ ਕ੍ਰਿਸ਼ਨਾ ਨਗਰ ਬਟਾਲਾ ਵਜੋਂ ਹੋਈ ਹੈ। ਮ੍ਰਿਤਕ ਪਰਮਿੰਦਰ ਸਿੰਘ ਨੇ ਆਪਣੀ ਫੈਕਟਰੀ ਨਿਊ ਪੰਜਾਬ ਅੰਮ੍ਰਿਤਸਰ ਰੂਟ 'ਤੇ ਕਰੀਬ ਸਾਢੇ ਚਾਰ ਵਜੇ ਪਹਿਲਾਂ ਸੁਸਾਈਡ ਨੋਟ ਲਿਖਿਆ ਤੇ ਫਿਰ ਫਾਹਾ ਲੈ ਕੇ ਜੀਵਨ ਲੀਲਾ ਖਤਮ ਕੀਤੀ ਹੈ।

ਮ੍ਰਿਤਕ ਨੌਜਵਾਨ ਨੇ ਆਪਣਾ ਸੁਸਾਈਡ ਨੋਟ ਆਪਣੇ ਸਰਕਲ ਦੇ ਸਾਰੇ ਗਰੁੱਪਾਂ 'ਚ ਵਾਇਰਲ ਆਪ ਹੀ ਕੀਤਾ ਹੈ। ਮ੍ਰਿਤਕ ਨੌਜਵਾਨ ਨੇ ਲਿਖੇ ਸੁਸਾਈਡ ਨੋਟ 'ਚ ਆਪਣੇ ਭਰਾ 'ਤੇ ਦੋਸ਼ ਲਗਾਇਆ ਹੈ ਕਿ ਉਹ ਉਸਨੂੰ ਅਤੇ ਉਸਦੀ ਪਤਨੀ ਨੂੰ ਪਿਛਲੇ ਕਾਫੀ ਸਮੇਂ ਤੋਂ ਤੰਗ ਕਰਦਾ ਆ ਰਿਹਾ ਹੈ ਅਤੇ ਉਸ ਦਾ ਪਿਤਾ ਵੀ ਉਸ ਦੀ ਕੋਈ ਗੱਲ ਨਹੀਂ ਸੁਣਦਾ ਜਿਸ ਤੋਂ ਮਜਬੂਰ ਹੋ ਕੇ ਉਹ ਇਹ ਕਦਮ ਚੁੱਕ ਰਿਹਾ ਹੈ। ਇਸ ਮਾਮਲੇ ਦੇ ਸਬੰਧ 'ਚ ਜਦੋਂ ਥਾਣਾ ਸਿਟੀ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਆਣ ਕੇ ਤਫਤੀਸ਼ ਜਾਰੀ ਕਰ ਦਿੱਤੀ ਹੈ। ਥਾਣਾ ਸਿਟੀ ਦੇ ਐਸਐਚਓ ਵਿਕਰਾਂਤ ਸ਼ਰਮਾ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜੋ ਸੁਸਾਈਡ ਨੋਟ ਸਾਹਮਣੇ ਆਇਆ ਹੈ, ਉਸ ਅਨੁਸਾਰ ਅਤੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Posted By: Seema Anand