ਨਿਰਮਲ ਸਿੰਘ ਮਾਨਸ਼ਾਹੀਆ, ਚੰਡੀਗੜ੍ਹ : ਪਟਿਆਲਾ ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ ਨਹੀਂ ਹੋਈ। ਇਹ ਦਾਅਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੰਸਦ ਵਿਚ ਕੀਤਾ ਹੈ। ਉਨ੍ਹਾਂ ਸੰਸਦ ਨੂੰ ਦੱਸਿਆ ਕਿ ਮੋਦੀ ਸਰਕਾਰ ਨੇ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ।

ਇੱਥੇ ਇਹ ਦੱਸਣਯੋਗ ਹੈ ਕਿ ਰਾਜੋਆਣਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਕੁਝ ਸਿੱਖ ਬੰਦੀਆਂ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਸਨ ਉਸ ਵੇਲੇ ਚਰਚਾ ਸੀ ਕਿ ਰਾਜੋਆਣਾ ਦੀ ਸਜ਼ਾ ਵੀ ਮਾਫ਼ ਕਰ ਕੇ ਉਮਰ ਕੈਦ ਵਿਚ ਬਦਲ ਦਿੱਤੀ ਗਈ ਹੈ।

ਮੰਗਲਵਾਰ ਨੂੰ ਜਦੋਂ ਬੇਅੰਤ ਸਿੰਘ ਦੇ ਪੋਤਰੇ ਤੇ ਲੁਧਿਆਣੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਹ ਮਾਮਲਾ ਸੰਸਦ ਵਿਚ ਉਠਾਇਆ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਕਰ ਦਿੱਤਾ ਕਿ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਹੋਈ।

ਬਿੱਟੂ ਨੇ ਕਿਹਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਸਾਜ਼ਿਸ਼ ਤਹਿਤ ਮਾਫ਼ ਕੀਤੀ ਜਾ ਰਹੀ ਸੀ ਪਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਸੰਵਿਧਾਨ 'ਤੇ ਖ਼ਤਰਾ ਮੰਡਰਾ ਰਿਹਾ ਸੀ ਨਾ ਰਾਜੋਆਣਾ ਨੂੰ ਮਾਫ਼ ਕੀਤਾ ਗਿਆ ਹੈ ਤੇ ਨਾ ਹੀ ਅੱਗੇ ਕੀਤਾ ਜਾਵੇਗਾ। ਅਮਿਤ ਸ਼ਾਹ ਦੀ ਤਾਰੀਫ ਕਰਦਿਆਂ ਬਿੱਟੂ ਨੇ ਕਿਹਾ ਕਿ ਅੱਜ ਸਰਕਾਰ ਨੇ ਮੋਹਰ ਲਾ ਦਿੱਤੀ ਹੈ ਕਿ ਸਰਕਾਰ ਦੇਸ਼ ਦੇ ਸੰਵਿਧਾਨ ਨਾਲ ਹੈ ਤੇ ਆਮ ਲੋਕਾਂ ਨਾਲ ਵੀ ਖਿਲਵਾੜ ਨਹੀਂ ਕਰੇਗੀ।

ਰਵਨੀਤ ਸਿੰਘ ਬਿੱਟੂ ਨੇ ਅਮਿਤ ਸ਼ਾਹ ਦੀਆਂ ਤਾਰੀਫਾਂ ਦੇ ਪੁਲ਼ ਬੰਨ੍ਹਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਦਿੱਤਾ ਹੈ। ਪੰਜਾਬ ਵਿਚ ਸਾਰੀਆਂ ਪਾਰਟੀਆਂ ਨੇ ਅੱਤਵਾਦ ਖ਼ਿਲਾਫ਼ ਲੜਾਈ ਲੜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਨੂੰ ਇਸ ਮਾਮਲੇ 'ਤੇ ਸਿਆਸਤ ਨਾ ਕਰਨ ਦੀ ਨਸੀਹਤ ਵੀ ਦਿੱਤੀ।