ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ 'ਦਿੱਲੀ ਮਾਡਲ' ਨੂੰ ਮਹਿਜ਼ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਇਕ ਸੋਚੀ-ਸਮਝੀ ਕੋਸ਼ਿਸ਼ ਦੱਸਿਆ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੇ ਕੈਪਟਨ ਸਰਕਾਰ ਦੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਨੂੰ ਗ਼ੈਰ-ਤਸੱਲੀਬਖ਼ਸ਼ ਬਿਆਨ ਨੂੰ ਸਿੱਧੂ ਨੇ ਹਾਸੋਹੀਣਾ ਤੇ ਬੇਤੁਕਾ ਦੱਸਿਆ ਹੈ। ਉਨ੍ਹਾਂ ਕਿਹਾ ਕਿ 'ਆਪ' ਵਿਧਾਇਕ ਇਸ ਪੱਖ ਤੋਂ ਜਾਣੂ ਨਹੀਂ ਹਨ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਕੋਵਿਡ-19 ਨਾਲ ਨਜਿੱਠਣ ਲਈ ਸਭ ਤੋਂ ਸੁਚੱਜਾ ਤੇ ਵਧੀਆ ਕੰਮ ਕਰ ਰਿਹਾ ਹੈ ਅਤੇ ਦਿੱਲੀ ਸਰਕਾਰ ਦੇ ਅਧੂਰੇ ਸਿਹਤ ਪ੍ਰਬੰਧਾਂ ਦੀ ਤਸਵੀਰ ਹੁੁਣ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕੋਵਿਡ ਵਿਰੁੱਧ ਪੰਜਾਬ ਦੀ ਲੜਾਈ ਵਿਚ ਕੇਂਦਰ ਸਰਕਾਰ ਦੀ ਕੋਈ ਮਦਦ ਸ਼ਾਮਲ ਨਹੀਂ ਹੈ ਪਰ ਇਸ ਦੇ ਉਲਟ ਦਿੱਲੀ ਵਿਚ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਨੂੰ ਕੋਰੋਨਾ ਵਿਰੁੱਧ ਇਸ ਜੰਗ ਦੀ ਕਮਾਨ ਆਪਣੇ ਹੱਥਾਂ ਵਿਚ ਲੈਣੀ ਪਈ।

ਹੁਣ ਤਾਂ ਦਿੱਲੀ ਹਾਈ ਕੋਰਟ ਵੱਲੋਂ ਵੀ ਕੇਜਰੀਵਾਲ ਸਰਕਾਰ ਨੂੰ ਮਹਾਮਾਰੀ ਦੀ ਰਣਨੀਤੀ ਬਾਰੇ ਲਗਾਤਾਰ ਸਵਾਲ ਪੁੁੱਛੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ 'ਦਿੱਲੀ ਮਾਡਲ' ਹੈ, ਇਸ ਤੋਂ ਹਾਈ ਕੋਰਟ ਵੀ ਸੰਤੁਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਵਿਰੁੱਧ ਪ੍ਰਬੰਧਾਂ ਨੂੰ ਪ੍ਰਭਾਵੀ ਤੇ ਕਾਰਗਰ ਬਣਾਉਣ ਦੇ ਮਾਮਲੇ ਵਿਚ ਪੰਜਾਬ ਦਿੱਲੀ ਨਾਲੋਂ ਕਿਤੇ ਅੱਗੇ ਹੈ।

ਸਿੱਧੂ ਨੇ ਚੀਮਾ ਨੂੰ ਤੱਥ ਘੋਖਣ ਦੀ ਸਲਾਹ ਦਿੰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਪ੍ਰਬੰਧਾਂ ਕਾਰਨ ਦੇਸ਼ ਵਿਚ ਹੋਈਆਂ ਕੁੱਲ ਮੌਤਾਂ ਵਿਚੋਂ 10 ਫੀਸਦੀ ਦਿੱਲੀ ਨਾਲ ਸਬੰਧਤ ਹਨ। ਦੂਸਰੇ ਪਾਸੇ ਪੰਜਾਬ ਵਿਚ ਹੁਣ ਤਕ ਹੋਈਆਂ ਕੁੱਲ ਮੌਤਾਂ ਦਾ 1 ਫ਼ੀਸਦੀ ਹਿੱਸਾ ਬਣਦਾ ਹੈ ਅਤੇ ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਮੌਤਾਂ ਸਹਿ-ਰੋਗ ਨਾਲ ਸਬੰਧਤ ਹਨ।

'ਪੰਜਾਬੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ 'ਚ 'ਆਪ''

ਮੰਤਰੀ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ 'ਆਪ' ਦਾ ਪੰਜਾਬ ਵਿਚ ਕੋਈ ਅਧਾਰ ਨਹੀਂ ਹੈ। ਇਸ ਲਈ ਮਹਿਜ਼ 18 ਮਹੀਨਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਝੂਠ, ਫਰੇਬ ਰਾਹੀਂ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।