ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 96 ਸਾਲ ਦੇ ਸਨ। ਟ੍ਰਿਪਲ ਓਲੰਪਿਕ ਗੋਲਡ ਮੈਡਲਿਸਟ ਤੇ ਵਿਸ਼ਵ ਕੱਪ ਜੇਤੂ ਟੀਮ ਦੇ ਕੋਚ ਰਹੇ ਬਲਬੀਰ ਸਿੰਘ ਸੀਨੀਅਰ ਨੇ ਅੱਜ ਸਵੇਰੇ 6.15 ਵਜੇ ਆਖ਼ਰੀ ਸਾਹ ਲਿਆ। ਇਸ ਦੀ ਜਾਣਕਾਰੀ ਉਨ੍ਹਾਂ ਦੇ ਦੋਹਤੇ ਕਬੀਰ ਸਿੰਘ ਨੇ ਦਿੱਤੀ ਹੈ। ਉਨ੍ਹਾਂ ਦ ਅੰਤਿਮ ਸੰਸਕਾਰ ਸ਼ਾਮ 5.30 ਵਜੇ ਚੰਡੀਗੜ੍ਹ ਦੇ ਸੈਕਟਰ-25 'ਚ ਹੋਵੇਗਾ।

ਜ਼ਿਕਰਯੋਗ ਹੈ ਕਿ ਅੱਠ ਮਈ ਨੂੰ ਉਨ੍ਹਾਂ ਨੂੰ ਸਾਹ ਲੈਣ 'ਚ ਦਿੱਕਤ ਹੋਣ ਦੀ ਵਜ੍ਹਾ ਨਾਲ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਹਰੇਕ ਤਰ੍ਹਾਂ ਦੇ ਟੈਸਟ ਕਰਵਾਏ ਗਏ। ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕੀਤਾ ਗਿਆ ਸੀ ਜਿਸ ਦੀ ਰਿਪੋਰਟ 10 ਮਈ ਨੂੰ ਨੈਗੇਟਿਵ ਆਈ ਸੀ।