ਪੰਜਾਬੀ ਜਗਾਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਆਖਿਆ ਕਿ ਉਹ ਕਿਸਾਨ ਅੰਦੋਲਨ ਨੂੰ ਰਾਜਨੀਤੀ ਤੋਂ ਉਪਰ ਰੱਖਣ ਅਤੇ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਜਿਹੜੇ ਗੁੰਡਿਆਂ ਨੇ ਅਕਾਲੀ ਦਲ ਵੱਲੋਂ ਸੰਸਦ ਤਕ ਕੱਢੇ ਜਾਣ ਵਾਲੇ ਮਾਰਚ ਵਿਚ ਸ਼ਾਮਲ ਹੋਣ ਦਿੱਲੀ ਆ ਰਹੇ ਅਕਾਲੀਆਂ ’ਤੇ ਹਮਲੇ ਕੀਤੇ, ਉਹਨਾਂ ਖਿਲਾਫ ਉਹ ਠੋਸ ਕਾਰਵਾਈ ਕਰਨ।

ਇਥੇ ਪਾਰਟੀ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਇਹ ਮੰਨ ਲਿਆ ਹੈ ਕਿ ਕੁਝ ਮਾੜੇ ਤੱਤ ਹਨ ਜੋ ਕਿਸਾਨ ਸੰਘਰਸ਼ ਨੁੰ ਬਦਨਾਮ ਕਰਨਾ ਚਾਹੁੰਦੇ ਹਨ ਪਰ ਇਸਦੇ ਬਾਵਜੂਦ ਕਿਸਾਨ ਆਗੂ ਨੇ ਨਾ ਤਾਂ ਅਜਿਹੇ ਦੋਸ਼ੀਆਂ ਤੋਂ ਗੁੰਡਾਗਰਦੀ ਲਈ ਬਿਨਾਂ ਸ਼ਰਤ ਮਾਫੀ ਮੰਗਵਾਈ ਤੇ ਨਾ ਹੀ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਹੀ ਕੀਤੀ ਹੈ।

ਪ੍ਰੋ. ਚੰਦੂਮਾਜਰਾ ਤੇ ਸਰਦਾਰ ਗਰੇਵਾਲ ਨੇ ਰਾਜੇਵਾਲ ਦੇ ਉਸ ਬਿਆਨ ਦਾ ਵੀ ਗੰਭੀਰ ਨੋਟਿਸ ਜਿਸ ਵਿਚ ਉਹਨਾਂ ਕਿਹਾ ਕਿ ਅਕਾਲੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਹੀ ਦਿੱਲੀ ਵਿਚ ਰੋਸ ਮਾਰਚ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਸਮਝ ਨਹੀਂ ਆਉਂਦਾ ਕਿ ਉਹਨਾਂ ਨੂੰ ਹਜ਼ਾਰਾਂ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ ’ਤੇ ਕੀ ਇਤਰਾਜ਼ ਹੈ। ਉਹਨਾਂ ਕਿਹਾ ਕਿ ਪਹਿਲਾਂ ਵੀ ਹਜ਼ਾਰਾਂ ਕਿਸਾਨਾਂ ਨੇ ਸੰਸਦ ਤਕ ਮਾਰਚ ਕਰ ਕੇ ਏਕਤਾ ਤੇ ਮਜ਼ਬੂਤੀ ਦਾ ਸੰਦੇਸ਼ ਦੇ ਕੇ ਦੁਨੀਆ ਭਰ ਦਾ ਧਿਆਨ ਖਿੱਚਿਆ ਸੀ।

ਅਕਾਲੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਰਾਜੇਵਾਲ ਦਾ ਬਹੁਤ ਮਾਣ ਸਤਿਕਾਰ ਕਰਦਾ ਹੈ। ਉਹਨਾਂ ਕਿਹਾ ਕਿ ਰਾਜੇਵਾਲ ਨੂੰ ਸਿਆਸੀ ਬਿਆਨਾਂ ਨਾਲ ਆਪਣਾ ਸਤਿਕਾਰ ਨਹੀਂ ਘਟਾਉਣਾ ਚਾਹੀਦਾ। ਉਹਨਾਂ ਕਿਹਾ ਕਿ ਅਸੀਂ ਸਿਆਸੀ ਮਾਮਲਿਆਂ ’ਤੇ ਵੱਖਰੇ ਤੌਰ ’ਤੇ ਬਹਿਸ ਕਰਨ ਲਈ ਤਿਆਰ ਹਾਂ ਤੇ ਇਸ ਵਾਸਤੇ ਕਿਸਾਨ ਫੋਰਮ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਹਨਾਂ ਇਹ ਵੀ ਦੱਸਿਆ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ ਵਿਚ ਦਿੱਤੇ ਬਿਆਨ ਜਨਤਕ ਰਿਕਾਰਡ ਦਾ ਹਿੱਸਾ ਹਨ ਤੇ ਸਰਦਾਰਨੀ ਬਾਦਲ ਸੂਬੇ ਦੇ ਇਤਿਹਾਸ ਵਿਚ ਇਕਲੌਤੇ ਕੇਂਦਰੀ ਮੰਤਰੀ ਹਨ ਜਿਹਨਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਮੰਤਰਾਲੇ ਤੋਂ ਅਸਤੀਫਾ ਦਿੱਤਾ।

ਇਸ ਦੌਰਾਨ ਡਾ. ਚੀਮਾ ਨੇ ਰਾਜੇਵਾਲ ਦਾ ਇਹ ਦਾਅਵਾ ਖਾਰਜ ਕਰ ਦਿੱਤਾ ਕਿ ਅਕਾਲੀ ਦਲ ਵੀਡੀਓ ਰਿਲੀਜ਼ ਕਰ ਕੇ ਕਿਸਾਨ ਅੰਦੋਲਨ ਨੁੰ ਬਦਨਾਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਹਨਾਂ ਵੀਡੀਓ ਵਿਚ ਅਕਾਲੀ ਆਗੂਆਂ ਤੇ ਬਲਕਿ ਮਹਿਲਾਵਾਂ ਨੂੰ ਮਾੜਾ ਸਲੂਕ ਹੁੰਦਾ, ਇਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਤੇ ਲੁੱਟਿਆਂ ਤੇ ਇਹਨਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਵੇਖਿਆ ਜਾ ਸਕਦਾ ਹੈ ਤੇ ਇਹ ਵੀਡੀਓ ਕਾਰਾ ਕਰਨ ਵਾਲਿਆਂ ਨੇ ਪੋਸਟ ਕੀਤੀਆਂ ਹਨ ਨਾ ਕਿ ਪੀੜਤਾਂ ਨੇ ਕੀਤੀਆਂ ਹਨ। ਉਹਨਾਂ ਨੇ ਰਾਜੇਵਾਲ ਨੂੰ ਪੁੱਛਿਆ ਕਿ ਉਹਨਾਂ ਨੇ ਇਸ ਅਪਰਾਧੀ ਗਤੀਵਿਧੀ ਦਾ ਕੀ ਨੋਟਿਸ ਲਿਆ ਹੈ ਤੇ ਉਹਨਾਂ ਨੇ ਇਸ ਮਾਮਲੇ ਵਿਚ ਉਹਨਾਂ ਨੇ ਕੀਤੀ ਕਾਰਵਾਈ ਬਾਰੇ ਲੋਕਾਂ ਤੇ ਹੋਰ ਕਿਸਾਨ ਯੂਨੀਅਨਾਂ ਨੂੰ ਕਿਉਂ ਨਹੀਂ ਦੱਸਿਆ।

ਡਾ. ਚੀਮਾ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਰਾਜੇਵਾਲ ਨੇ ਸਾਰੇ ਮਾਮਲੇ ਦਾ ਸਿਆਸੀਕਰਨ ਕਰਨ ਅਤੇ ਅਕਾਲੀ ਦਲ, ਜਿਸਨੇ ਕੇਂਦਰੀ ਮੰਤਰਾਲਾ ਵੀ ਛੱਡਿਆ ਤੇ ਐਨ ਡੀ ਏ ਨਾਲ ਗਠਜੋੜ ਵੀ ਤੋੜਿਆ, ਨੂੰ ਬਦਨਾਮ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਰਾਜੇਵਾਲ ਆਰਡੀਨੈਂਸ ਤਿਆਰ ਕਰਨ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਤੇ ਕਾਂਗਰਸ ਸਰਕਾਰ ਵੱਲੋਂ 2017 ਵਿਚ ਏਪੀਐੱਮਸੀ ਐਕਟਾਂ ਵਿਚ ਕੀਤੀਆਂ ਸੋਧਾਂ ਬਾਰੇ ਗੱਲ ਕਰਨ ਵਿਚ ਨਾਕਾਮ ਰਹੇ ਹਨ।

ਅਕਾਲੀ ਆਗੂਆਂ ਨੇ ਸਪਸ਼ਟ ਕਿਹਾ ਕਿ 17 ਸਤੰਬਰ ਨੁੰ ਇਸ ਵੱਲੋਂ ਆਯੋਜਿਤ ਰੋਸ ਮਾਰਚ ਦਾ ਮਕਸਦ ਸਿਰਫ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨਾ ਸੀ ਤੇ ਰਾਜੇਵਾਲ ਨੂੰ ਇਸ ਕਦਮ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਮਾਰਚ ਵਿਚ ਵੀ ਸਪਸ਼ਟ ਕਰ ਦਿੱਤਾ ਸੀ ਕਿ ਉਹ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ, ਐੱਮਐੱਸਪੀ ਨੂੰ ਕਾਨੂੰਨੀ ਅਧਿਕਾਰ ਦੇਣ ਅਤੇ ਸਾਰੀਆਂ ਪ੍ਰਮੁੱਖ ਫਸਲਾਂ ਦੀ ਯਕੀਨੀ ਸਰਕਾਰੀ ਖਰੀਦ ਬਾਰੇ ਦ੍ਰਿੜ੍ਹ ਸੰਕਲਪ ਹੈ। ਉਹਨਾ ਨੇ ਦਿੱਲੀ ਰੋਸ ਮਾਰਚ ਵਿਚ ਇਹਨਾਂ ਮੰਗਾਂ ਬਾਰੇ ਹੀ ਨਾਅਰੇਬਾਜ਼ੀ ਕੀਤੀ ਸੀ ਤੇ ਉਹ ਇਹ ਮੰਗਾਂ ਪ੍ਰਵਾਨ ਹੋਣ ਤਕ ਅਕਾਲੀ ਦਲ ਇਹ ਮੰਗਾਂ ਚੁੱਕਦਾ ਰਹੇਗਾ।

Posted By: Jagjit Singh