ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੰਨ੍ਹੇਵਾਹ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਪਿੱਛੇ ਨਾ ਲੱਗਣ ਅਤੇ ਆਪਣੇ ਦਿਮਾਗ ਨਾਲ ਕੰਮ ਕਰਨ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਮਾਨ ਸਰਕਾਰ ਨੂੰ ਪੰਜਾਬ ਨਾਲ ਸਬੰਧਤ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਣ ਸਮੇਂ ਵਧੇਰੇ ਸਾਵਧਾਨ ਅਤੇ ਸਮਝਦਾਰੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਦਿੱਲੀ ਪੰਜਾਬ ਨਹੀਂ ਅਤੇ ਪੰਜਾਬ ਦਿੱਲੀ ਨਹੀਂ ਹੈ। ਦੋਵਾਂ ਦੇ ਆਪਣੇ ਖੇਤਰੀ ਵਿਸ਼ੇਸ਼ ਮੁੱਦੇ ਹਨ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ ਦਿੱਲੀ ਵਿਚ ਕਰੋੜਾਂ ਰੁਪਏ ਦੀ ਬਿਜਲੀ ਸਬਸਿਡੀ ਦੀ ਕਥਿਤ ਗੜਬੜੀ ਦੀ ਜਾਂਚ ਦਾ ਹਵਾਲਾ ਦਿੰਦੇ ਹੋਏ ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲਈ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਉਹ ਗਰੀਬ ਵਰਗ ਨੂੰ ਦਿੱਤੀ ਜਾ ਰਹੀ ਸਬਸਿਡੀ ਪ੍ਰਤੀ ਇਮਾਨਦਾਰ ਅਤੇ ਪਾਰਦਰਸ਼ੀ ਕਿਉਂ ਨਹੀਂ ਹੈ।

ਬਾਜਵਾ ਨੇ ਕਿਹਾ ਕਿ ਸੀਬੀਆਈ ਪਹਿਲਾਂ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 15 ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕੇਜਰੀਵਾਲ ਦੇ ਸੱਜੇ ਹੱਥ ਵਿਜੇ ਨਾਇਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਾਜਵਾ ਨੇ ਸਵਾਲ ਕੀਤਾ, ‘‘ਜੇਕਰ ਨਵੀਂ ਆਬਕਾਰੀ ਨੀਤੀ ਇੰਨੀ ਵਧੀਆ ਸੀ ਤਾਂ ਕੇਜਰੀਵਾਲ ਸਰਕਾਰ ਨੇ ਇਸ ਨੂੰ ਅਚਾਨਕ ਛੱਡਣ ਦਾ ਫੈਸਲਾ ਕਿਉਂ ਕੀਤਾ?’’ ਇਸੇ ਤਰ੍ਹਾਂ ਪੰਜਾਬ ਦੀ ਸ਼ਰਾਬ ਨੀਤੀ ਵੀ ਜਾਂਚ ਅਧੀਨ ਹੈ। ਉਨ੍ਹਾਂ ਮਾਨ ਸਰਕਾਰ ਆਪਣੇ ਹੀ ਅਧਿਕਾਰੀਆਂ ਨਾਲ ਖੜ੍ਹਨ ਵਿਚ ਅਸਫਲ ਰਹੀ ਹੈ।

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਹੁਣ ਪੰਜਾਬ ਸਰਕਾਰ ਵੀ ਆਪਣੀ ਨਵੀਂ ਆਬਕਾਰੀ ਨੀਤੀ ਨੂੰ ਖਤਮ ਕਰਨ ਬਾਰੇ ਸੋਚ ਰਹੀ ਹੈ। ਅਜਿਹਾ ਲੱਗਦਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਦਿਆਂ ਦੀ ਕੋਈ ਸਮਝ ਨਹੀਂ ਹੈ ਅਤੇ ਉਹ ਸਿਰਫ ਅਰਵਿੰਦ ਕੇਜਰੀਵਾਲ ਦਾ ਅੰਨ੍ਹਾ ਪਿੱਛਾ ਕਰ ਰਿਹਾ ਹੈ। ਬਾਜਵਾ ਨੇ ਕਿਹਾ ਕਿ ਤਿੰਨ ਵੱਖ-ਵੱਖ ਰਿਪੋਰਟਾਂ ’ਚ ਪੰਜਾਬ ਦੇ ਸਕੂਲਾਂ ਨੂੰ ਪੂਰੇ ਦੇਸ਼ ’ਚ ਸਰਵੋਤਮ ਐਲਾਨਿਆ ਗਿਆ ਹੈ ਪਰ, ਸਰਕਾਰ ਪੰਜਾਬ ਦੇ ਸਕੂਲਾਂ ਦੀ ਹਾਲਤ ਸੁਧਾਰਨ ਲਈ ਦਿੱਲੀ ਮਾਡਲ ’ਤੇ ਚੱਲ ਰਹੀ ਹੈ।

Posted By: Jagjit Singh