ਜੈ ਸਿੰਘ ਛਿੱਬਰ, ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਦੋ ਵਜ਼ੀਰਾਂ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਵਿਚਕਾਰ ਪੈਦਾ ਹੋਇਆ ਵਿਵਾਦ ਭਖ ਗਿਆ ਹੈ। ਦੋਵਾਂ ਵਿਚਕਾਰ ਪੈਦਾ ਹੋਈ ਤਲਖੀ ਹੁਣ ਜਾਤੀ ਰੰਗ ਵਿਚ ਬਦਲਣ ਲੱਗੀ ਹੈ।

ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇ ਪੰਜਾਬ ਵਿਚ ਕਰਫਿਊ ਨਾ ਲੱਗਿਆ ਹੁੰਦਿਆਂ ਤਾਂ ਸ਼ਾਇਦ ਭੰਨਤੋੜ ਹੋ ਜਾਂਦੀ। ਚੰਨੀ ਨੇ ਦਾਅਵਾ ਕੀਤਾ ਕਿ ਉਹ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਨਾਲ ਸਬੰਧਤ ਹਨ ਅਤੇ ਸਾਹਿਬਜ਼ਾਦਿਆਂ ਨੂੰ ਹਾਜ਼ਰ ਸਮਝ ਕੇ ਕਹਿੰਦੇ ਹਨ ਕਿ ਬਾਜਵਾ ਉਨ੍ਹਾਂ ਦੇ ਘਰ ਆਏ ਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਜਦੋਂ ਕਿ ਬਾਜਵਾ ਨੇ ਚੰਨੀ ਦੇ ਘਰ ਜਾਣ ਦੀ ਗੱਲ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਕੋਈ ਧਮਕੀ ਨਹੀਂ ਦਿੱਤੀ ਬੱਸ ਐਵੇਂ ਰੌਲਾ ਪੈ ਗਿਆ ਹੈ।

ਇੱਥੇ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਵਜੀਰਾਂ ਅਤੇ ਮੁੱਖ ਸਕੱਤਰ ਵਿਚਕਾਰ ਤਲਖੀ ਹੋਣ ਤੋਂ ਬਾਅਦ ਸਮੁੱਚੀ ਕੈਬਨਿਟ ਨੇ ਮੁੱਖ ਸਕੱਤਰ ਖ਼ਿਲਾਫ਼ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ।

ਲੰਘੇ ਮੰਗਲਵਾਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਪੁੱਜੇ। ਬਾਜਵਾ ਨੇ ਚੰਨੀ ਨੂੰ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਅਤੇ ਅਜਿਹਾ ਨਾ ਕਰਨ 'ਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਜਿਸ ਦਾ ਚੰਨੀ ਨੇ ਵਿਰੋਧ ਕਰਦਿਆਂ ਪਹਿਲਾਂ ਕੇਸ ਦਰਜ ਕਰਨ ਦੀ ਗੱਲ ਆਖੀ। ਇਸ 'ਤੇ ਵਜ਼ੀਰਾਂ ਵਿਚ ਵਿਵਾਦ ਵੱਧ ਗਿਆ ਅਤੇ ਮੀਡੀਆ ਦੀਆਂ ਸੁਰਖੀਆਂ ਬਣ ਗਈਆਂ।

ਵੀਰਵਾਰ ਨੂੰ ਚੰਨੀ ਅਤੇ ਬਾਜਵਾ ਨੇ ਬਿਜਲਈ ਮੀਡੀਆ ਸਾਹਮਣੇ ਆਪੋ-ਆਪਣਾ ਪੱਖ ਰੱਖਿਆ। ਚੰਨੀ ਨੇ ਬਾਜਵਾ ਦੇ ਦਾਅਵਿਆਂ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਉਹ ਸਾਹਿਬਜ਼ਾਦਿਆਂ ਨੂੰ ਹਾਜ਼ਰ ਸਮਝਕੇ ਕਹਿੰਦੇ ਹਨ ਕਿ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਉਨ੍ਹਾਂ ਦੇ ਘਰ ਆਏ ਅਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਹੈ। ਚੰਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਆਪ, ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਫੋਨ ਕਰ ਕੇ ਸਮਰਥਨ ਦਿੱਤਾ ਹੈ। ਚੰਨੀ ਨੇ ਕਿਹਾ ਕਿ ਮੈਂ ਨਿਮਾਣਾ ਬੰਦਾ ਹਾਂ ਤੇ ਮੇਰੇ ਵਿਚ ਕੋਈ 'ਮੈਂ' ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸਮਰਥਨ ਦੇਣ ਵਾਲੇ ਸਾਰੇ ਆਗੂਆਂ ਦੇ ਪੈਰੀਂ ਹੱਥ ਲਾ ਕੇ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਰਾ ਮਾਮਲਾ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ 'ਤੇ ਛੱਡ ਦਿੱਤਾ ਹੈ।

ਦੂਜੇ ਪਾਸੇ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਚੰਨੀ ਨੂੰ ਧਮਕੀ ਦੇਣ ਦੀ ਗੱਲ ਨੂੰ ਮੂਲੋਂ ਰੱਦ ਕਰਦਿਆਂ ਇਹ ਗੱਲ ਕਬੂਲ ਕੀਤੀ ਕਿ ਉਹ ਚੰਨੀ ਦੇ ਘਰ ਜ਼ਰੂਰ ਗਏ ਸਨ ਕਿਉਂਕਿ ਕੈਬਨਿਟ ਦਾ ਸਾਥੀ ਹੋਣ ਕਰ ਕੇ ਦੋਵੇਂ ਇਕ ਦੂਜੇ ਦੇ ਘਰ ਆਉਂਦੇ ਜਾਂਦੇ ਰਹੇ ਹਨ। ਬਾਜਵਾ ਨੇ ਕਿਹਾ ਧਮਕੀ ਦੇਣ ਵਾਲੀ ਕੋਈ ਗੱਲ ਨਹੀਂ ਹੈ, ਬੱਸ ਐਵੇਂ ਈ ਰੌਲਾ ਪੈ ਗਿਆ ਹੈ ਅਤੇ ਗੱਲ ਹੋਰ ਪਾਸੇ ਚਲੇ ਗਈ। ਉਨ੍ਹਾਂ ਕਿਹਾ ਕਿ ਉਹ ਚੰਨੀ ਦਾ ਸਤਿਕਾਰ ਕਰਦੇ ਹਨ ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ। ਬਾਜਵਾ ਨੇ ਚੰਨੀ ਨੂੰ ਭਲਾ ਬੰਦਾ ਦੱਸਦੇ ਹੋਏ ਕਿਹਾ ਕਿ ਕਾਂਗਰਸ ਵਿਚ ਜਾਤਪਾਤ ਵਾਲੀ ਕੋਈ ਗੱਲ ਨਹੀਂ ਹੈ। ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਸਾਨੂੰ ਦੋਵਾਂ ਨੂੰ ਬੁਲਾ ਲੈਣ ਅਸੀਂ ਦੋਵੇਂ ਆਪੋ- ਆਪਣਾ ਪੱਖ ਰੱਖ ਦਿਆਂਗੇ।