ਜੇਐੱਨਐੱਨ, ਚੰਡੀਗੜ੍ਹ

ਪੰਜਾਬ ਵਿਚ ਜ਼ਹਿਰਲੀ ਸ਼ਰਾਬ ਕਾਂਡ ਵਾਪਰਣ ਮਗਰੋਂ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਡੀਜੀਪੀ ਸੰਜੇ ਬੈਨੀਵਾਲ ਨੂੰ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਸਮੇਤ ਹੋਰਨਾਂ ਇਲਾਕਿਆਂ 'ਤੇ ਨਜ਼ਰ ਰੱਖਣ ਦੇ ਹੁਕਮ ਕੀਤੇ ਹਨ। ਇਸ ਮਗਰੋਂ ਬੈਨੀਵਾਲ ਨੇ ਮਹਿਕਮੇ ਦੇ ਅਫਸਰਾਂ, ਥਾਣਾ ਇੰਚਾਰਜਾਂ ਨੂੰ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਡੀਜੀਪੀ ਨੇ ਭਰੋਸਾ ਦੇ ਕੇ ਜਵਾਬ ਦਿੱਤਾ ਕਿ ਸ਼ਹਿਰ ਵਿਚ ਹੋਣ ਵਾਲੀਆਂ ਸਰਗਰਮੀਆਂ 'ਤੇ ਪੁਲਿਸ ਦੀ ਨਜ਼ਰ ਹੋਣ ਦੇ ਨਾਲ ਨਾਲ ਅਚਾਨਕ ਚੈਕਿੰਗ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਇਕ-ਦੋ ਵਾਰ ਨਕਲੀ ਸ਼ਰਾਬ ਬਣਾਉਣ ਵਾਲਿਆਂ ਦਾ ਭਾਂਡਾ ਭੰਨ ਚੁੱਕੀ ਹੈ। ਇਨ੍ਹਾਂ ਮਾਮਲਿਆਂ ਵਿਚ ਮੁਲਜ਼ਮ ਬਿਨਾਂ ਪ੍ਰਵਾਨਗੀ ਤੋਂ ਸ਼ਰਾਬ ਬਣਾਉਣ ਦਾ ਕੋਝਾ ਕੰਮ ਕਰ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਤੋਂ ਕੁਝ ਨਕਲੀ ਸਮਾਨ ਤੇ ਡਰੰਮ ਬਰਾਮਦ ਕੀਤੇ ਸਨ। ਪੁਲਿਸ ਟੀਮ ਇੰਡਸਟ੍ਰੀਅਲ ਏਰੀਆ ਸਥਿਤ ਸ਼ਹਿਰ ਵਿਚ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ 'ਤੇ ਛਾਪੇ ਮਾਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨਾਲ ਐਕਸਾਈਜ਼ ਮਹਿਕਮੇ ਦੀ ਟੀਮ ਮੌਜੂਦ ਰਹੇਗੀ। ਡੀਜੀਪੀ ਨੇ ਤਾਕੀਦ ਕੀਤੀ ਹੈ ਕਿ ਮਹਿਕਮੇ ਦਾ ਕੋਈ ਅਫਸਰ ਲਾਪਰਵਾਹੀ ਤੋਂ ਕੰਮ ਨਾ ਲਵੇ।

ਕੋਵਿਡ-19 ਕਾਰਨ ਲਾਕਡਾਊਨ ਮਗਰੋਂ ਸ਼ਹਿਰ ਅਨਲਾਕ ਹੁੰਦੇ ਸਾਰ ਅਪਰਾਧੀ ਸਰਗਰਮ ਹੋ ਗਏ। ਖੋਹਬਾਜ਼ੀ, ਚੋਰੀ, ਸ਼ਰਾਬ ਸਮੱਗਲਿੰਗ ਦੀਆਂ ਵੱਧਦੀਆਂ ਵਾਰਦਾਤਾਂ ਵਿਚਾਲੇ ਦੋ ਵੱਡੇ ਗੋਲੀਕਾਂਡ ਦੀਆਂ ਵਾਰਦਾਤਾਂ ਨੇ ਅਮਨ-ਕਾਨੂੰਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਕਾਰਨ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਡੀਜੀਪੀ ਬੈਨੀਵਾਲ ਤੋਂ ਪੁੱਿਛਆ ਕਿ ਕੀ ਹੋ ਰਿਹਾ ਹੈ? ਜਲਦੀ ਤੋੋਂ ਜਲਦੀ ਗੋਲੀ ਕਾਂਡ ਨੂੰ ਹੱਲ ਕੀਤਾ ਜਾਵੇ। ਇਵੇਂ ਹੀ ਸ਼ਹਿਰ ਵਿਚ ਐੱਸਐੱਚਓਜ਼ ਵਿਰੁੱਧ ਵੱਧਦੀਆਂ ਸ਼ਿਕਾਇਤਾਂ ਮਿਲਣ ਦਰਮਿਆਨ ਰਿਸ਼ਵਤ ਕਾਂਡ ਵਿਚ ਮਨੀਮਾਜਰਾ ਦੀ ਇਸਤਰੀ ਐੱਸਐੱਚਓ ਦਾ ਨਾਂ ਆ ਗਿਆ। ਬਦਨੌਰ ਨੇ ਸਾਰੇ ਦਾਗ਼ੀ ਥਾਣਾ ਇੰਚਾਰਜਾਂ ਨੂੰ ਤਿੰਨਾਂ ਦਿਨਾਂ ਵਿਚ ਬਦਲਣ ਦੇ ਹੁਕਮ ਕੀਤੇ ਸਨ। ਇਸ ਮਗਰੋਂ 10 ਇੰਸਪੈਕਟਰਾਂ ਸਮੇਤ 6 ਥਾਣਾ ਇੰਚਾਰਜਾਂ ਨੂੰ ਇਧਰੋੋਂ ਓਧਰ ਕੀਤਾ ਗਿਆ ਸੀ।