ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : 'ਆਪ' ਕਿਸਾਨ ਵਿੰਗ ਦੇ ਪ੍ਰਧਾਨ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੇ ਨਾਗਰਿਕਤਾ ਬਿੱਲ ਨੂੰ ਹਮਾਇਤ ਦੇਣ ਦੇ ਮੁੱਦੇ 'ਤੇ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤ ਕੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ।

ਸੰਧਵਾਂ ਤੇ ਰੋੜੀ ਨੇ ਕਿਹਾ ਕਿ ਨਾਗਰਿਕਤਾ ਬਿੱਲ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈਜਿਸ ਅਨੁਸਾਰ ਧਰਮ ਆਧਾਰਿਤ ਨਾਗਰਿਕਤਾ ਦਾ ਕੋਈ ਵਰਣਨ ਨਹੀਂ ਹੈ, ਇੱਥੋਂ ਤਕ ਕਿ ਅਮਰੀਕਾ-ਕੈਨੇਡਾ ਵਰਗੇ ਮੁਲਕਾਂ 'ਚ ਵੀ ਨਾਗਰਿਕਤਾ ਜਾਂ ਸਿਆਸੀ ਸ਼ਰਨ ਧਰਮ ਦੇ ਆਧਾਰ 'ਤੇ ਨਹੀਂ ਬਲਕਿ ਪਛਾਣ ਤੇ ਸਿਆਸੀ ਜਬਰ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ ਪਰ ਬਾਦਲ ਪਰਿਵਾਰ ਵੱਲੋਂ ਅੱਖਾਂ ਮੀਟ ਕੇ ਮੋਦੀ ਸਰਕਾਰ ਦੇ ਹਰ ਫ਼ੈਸਲੇ ਦੀ ਹਮਾਇਤ ਸਿਰਫ ਤੇ ਸਿਰਫ ਕੇਂਦਰ ਸਰਕਾਰ 'ਚ ਮਿਲੀ ਮੰਤਰੀ ਦੀ ਪਦਵੀ ਨੂੰ ਸਲਾਮਤ ਰੱਖਣ ਲਈ ਕੀਤਾ ਜਾ ਰਿਹਾ ਹੈ।

ਸੰਧਵਾਂ ਨੇ ਕਿਹਾ 14 ਦਸੰਬਰ 1920 ਨੂੰ ਹੋਂਦ 'ਚ ਆਏ ਅਕਾਲੀ ਦਲ ਨੇ ਹਮੇਸ਼ਾ ਘੱਟ ਗਿਣਤੀਆਂ ਨਾਲ ਧੱਕੇ ਦੇ ਵਿਰੋਧ 'ਚ ਸਟੈਂਡ ਲਿਆ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਆਵਾਜ਼ ਉਠਾਈ ਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਵਰਤਮਾਨ ਕਾਰਪੋਰੇਟ ਅਕਾਲੀ ਦਲ ਆਪਣੇ ਸਾਰੇ ਸਿਧਾਂਤਾਂ ਤੇ ਟਕਸਾਲੀ ਸਰੋਕਾਰਾਂ ਨੂੰ ਤਿਲਾਂਜਲੀ ਦੇ ਚੁੱਕਾ ਹੈ।

'ਆਪ' ਵਿਧਾਇਕਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੇ ਪੰਜਾਬ, ਪੰਜਾਬੀਅਤ, ਪੰਥ ਤੇ ਘੱਟ ਗਿਣਤੀਆਂ ਦੇ ਸਰੋਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਥਾਂ ਆਪਣੀ ਨੂੰਹ ਰਾਣੀ ਦੀ ਕੁਰਸੀ ਨੂੰ ਹੀ ਤਰਜੀਹ ਦਿੱਤੀ ਹੈ। ਨਾਗਰਿਕ ਸੋਧ ਬਿੱਲ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਵਾਸਤਵਿਕ ਸੰਘੀ ਢਾਂਚੇ 'ਤੇ ਅਧਾਰਿਤ ਆਪਣਾ ਦਹਾਕਿਆਂ ਪੁਰਾਣਾ ਸਟੈਂਡ ਛੱਡ ਕੇ ਮੋਦੀ ਸਰਕਾਰ ਦੇ ਜੀਐੱਸਟੀ ਸਮੇਤ ਤਾਕਤਾਂ ਦੇ ਕੇਂਦਰੀਕਰਨ ਕਰਨ ਵਾਲੇ ਕਈ ਬਿਲਾਂ ਨੂੰ ਅੰਨ੍ਹਾ ਸਮਰਥਨ ਦਿੱਤਾ ਹੈ। ਉੁਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਬਾਦਲ ਪਰਿਵਾਰ ਨੂੰ ਖਦੇੜਿਆ ਹੈ, ਉਸੇ ਤਰ੍ਹਾਂ ਧਰਮ ਦੀ ਆੜ 'ਚ ਸਿਆਸੀ ਫ਼ਾਇਦਾ ਚੁੱਕਣ ਵਾਲੇ ਇਸ ਪਰਿਵਾਰ ਨੂੰ ਗੁਰਦੁਆਰਾ ਪ੍ਰਬੰਧਾਂ 'ਚੋਂ ਖਦੇੜਣ ਲਈ ਵੀ ਇਕਮੁੱਠ ਹੋਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।