ਚੰਡੀਗੜ੍ਹ : ਅਕਾਲੀ ਦਲ ਦੇ ਸਰਪ੍ਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਨੇ ਕਿਸਾਨੀ ਕਰਜ਼ਾ ਮਾਫੀ ਦੇ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ 'ਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਜਾਂ ਫਿਰ ਸੱਤਾ ਤੋਂ ਲਾਂਭੇ ਹੋ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ, ਬੇਰੁਜ਼ਗਾਰਾਂ ਅਤੇ ਗਰੀਬਾਂ ਨੂੰ ਕੈਪਟਨ ਨੇ ਝੂਠੇ ਵਾਅਦੇ ਕਰ ਕੇ ਵੋਟਾਂ ਬਟੋਰ ਲਈਆਂ ਤੇ ਜਦ ਵਾਅਦੇ ਪੂਰੇ ਕਰਨ ਦੀ ਵਾਰੀ ਆਈ ਤਾਂ ਉਹ ਮਹਿਲਾਂ ਵਿਚ ਜਾ ਬੈਠੇ।

ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪੀੜਤ ਪਰਿਵਾਰਕ ਮੈਂਬਰਾਂ ਦੀ ਹਮਾਇਤ ਵਿਚ ਅਕਾਲੀ ਦਲ ਵੱਲੋਂ ਮੰਗਲਵਾਰ ਨੂੰ ਧਰਨਾ ਦਿੱਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਪ੍ਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਲੜਾਈ ਲੜੇਗਾ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਏਗਾ। ਉਨ੍ਹਾਂ ਕਿਹਾ ਕਿ ਕੈਪਟਨ ਵੱਲੋਂ ਕਿਸਾਨਾਂ, ਅਧਿਆਪਕਾਂ ਅਤੇ ਸਰਕਾਰੀ ਮੁਲਾਜ਼ਮਾਂਂ ਨੂੰ ਮਿਲਣ ਤੋਂ ਇਨਕਾਰ ਕਰਨਾ ਇਕ ਗੈਰ-ਜ਼ਿੰਮੇਵਾਰਾਨਾ ਵਤੀਰਾ ਹੈ। ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਰਾਜ ਦੌਰਾਨ ਕਿਸਾਨਾਂ ਨੂੰ ਮੁਫਤ ਬਿਜਲੀ ਵਜੋਂ ਹਰ ਸਾਲ 6 ਹਜ਼ਾਰ ਕਰੋੜ ਰੁਪਏ ਦੀ ਰਾਹਤ ਦਿੱਤੀ, ਜੋ ਕਿ ਕੈਪਟਨ ਦੇ ਮੁਕੰਮਲ ਕਰਜ਼ ਮਾਫੀ ਦੇ ਵਾਅਦੇ ਦੀ ਰਕਮ ਤੋਂ ਕਿਤੇ ਵੱਧ ਹੈ।