ਪੰਜਾਬੀ ਜਾਗਰਣ ਬਿਉਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਰੇਤ ਮਾਫ਼ੀਆ ਨੂੰ ਸਰਪ੍ਰਸਤੀ ਦੇਣ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪਿਛਲੀ ਬਾਦਲ ਸਰਕਾਰ ਨੂੰ ਵੀ ਮਾਤ ਦੇ ਦਿੱਤੀ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜਨਰਲ ਸਕੱਤਰ ਅਤੇ ਹਲਕਾ ਖਰੜ ਦੇ ਇੰਚਾਰਜ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹੁਣ ਰੇਤ ਮਾਫ਼ੀਆ ਬਿਲਕੁਲ ਨੰਗਾ ਚਿੱਟਾ ਹੋ ਕੇ ਜਿੱਥੇ ਨਦੀਆਂ-ਨਾਲਿਆਂ ਅਤੇ ਦਰਿਆਵਾਂ ਦੀ ਸ਼ਰੇਆਮ ਲੁੱਟ ਕਰ ਰਿਹਾ ਹੈ, ਉੱਥੇ ਗੁੰਡਾਗਰਦੀ ਦੀਆਂ ਵੀ ਸਾਰੀਆਂ ਹੱਦਾਂ ਟੱਪ ਚੁੱਕਾ ਹੈ।

ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਡੇਰਾਬੱਸੀ ਤੱਕ ਰੇਤ ਮਾਫ਼ੀਆ ਦਾ ਜੰਗਲ ਰਾਜ ਨਾ ਕੇਵਲ ਅਖ਼ਬਾਰਾਂ-ਮੀਡੀਆ 'ਚ ਬਲਕਿ ਅੱਖੀਂ ਦੇਖਿਆ ਜਾ ਸਕਦਾ ਹੈ। ਰੋੜੀ ਅਨੁਸਾਰ 'ਇੰਜ ਜਾਪਦਾ ਹੈ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਾ ਹੋਵੇ। ਪੁਲਿਸ ਅਤੇ ਪ੍ਰਸਾਸ਼ਨ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਬੈਠਾ ਹੈ। ਪੁਲਿਸ ਚੌਂਕੀਆਂ ਦੇ ਸਾਹਮਣੇ ਰੇਤ ਮਾਫ਼ੀਆ ਨੇ ਗੁੰਡਾਗਰਦੀ ਲਈ ਬਰਾਬਰ ਨਾਕੇ ਲਗਾਏ ਹੋਏ ਹਨ। ਨੂਰਪੁਰਬੇਦੀ ਦੀ ਕਲਮਾ ਪੁਲਿਸ ਚੌਂਕੀ ਦੇ ਬਿਲਕੁਲ ਸਾਹਮਣੇ ਅਤੇ ਡੇਰਾਬਸੀ ਦੇ ਮੁਬਾਰਕਪੁਰ ਜ਼ੋਨ ਹੰਡੇਸਰਾ 'ਚ 24 ਘੰਟੇ ਲੱਗੇ ਰਹਿੰਦੇ ਗੁੰਡਾ ਪਰਚੀ ਨਾਕੇ ਬੇਖ਼ੌਫ ਰੇਤ ਮਾਫ਼ੀਆ ਦੀ ਗੁੰਡਾਗਰਦੀ ਦੀ ਜ਼ਿੰਦਾ ਮਿਸਾਲ ਹਨ। ਇਲਾਕੇ ਦੇ ਲੋਕ ਅਤੇ ਕਰੈਸ਼ਰ ਇੰਡਸਟਰੀ ਤ੍ਰਾਹ-ਤ੍ਰਾਹ ਕਰ ਰਹੀ ਹੈ ਪਰੰਤੂ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ।

ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਤੇ ਕਾਂਗਰਸੀਆਂ ਨੇ ਬਾਦਲ ਸਰਕਾਰ ਵੇਲੇ ਦੇ ਰੇਤ ਮਾਫ਼ੀਆ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਰੇਤ ਮਾਫ਼ੀਆ ਨੂੰ ਨੱਥ ਨਹੀਂ ਪਾਉਂਦੀ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਕੈਪਟਨ ਸਰਕਾਰ ਨੂੰ ਘੇਰੇਗੀ।

Posted By: Tejinder Thind