ਪੰਜਾਬੀ ਜਾਗਰਣ ਬਿਊਰੋ,ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਐਨਆਰਆਈ ਵਿੰਗ ਦੇ ਪ੍ਰਧਾਨ ਅਤੇ ਗੜ੍ਹਸੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਬੀਤੇ ਦਿਨੀਂ ਲੋਕ ਸਭਾ 'ਚ ਪਾਸ ਕੀਤੇ ਗਏ ਨਾਗਰਿਕਤਾ ਬਿੱਲ ਨੂੰ ਹਮਾਇਤ ਦੇਣ ਦੇ ਮੁੱਦੇ ਤੇ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਹੈ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੇ ਨਿੱਜੀ ਹਿੱਤਾਂ ਲਈ ਇਸਤੇਮਾਲ ਕਰਕੇ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ।

ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਸੰਧਵਾਂ ਅਤੇ ਰੋੜੀ ਨੇੇ ਕਿਹਾ ਕਿ ਨਾਗਰਿਕਤਾ ਬਿੱਲ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ। ਜਿਸ ਅਨੁਸਾਰ ਧਰਮ ਆਧਾਰਿਤ ਨਾਗਰਿਕਤਾ ਦਾ ਕੋਈ ਵਰਣਨ ਨਹੀਂ ਹੈ, ਇੱਥੋਂ ਤੱਕ ਕਿ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿੱਚ ਵੀ ਨਾਗਰਿਕਤਾ ਜਾਂ ਸਿਆਸੀ ਸ਼ਰਨ ਧਰਮ ਦੇ ਆਧਾਰ 'ਤੇ ਨਹੀਂ ਬਲਕਿ ਕਿਸੇ ਵਿਅਕਤੀ ਦੀ ਪਹਿਚਾਣ ਅਤੇ ਸਿਆਸੀ ਜਬਰ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ, ਪਰ ਬਾਦਲ ਪਰਿਵਾਰ ਵੱਲੋਂ ਅੱਖਾਂ ਮੀਚ ਕੇ ਮੋਦੀ ਸਰਕਾਰ ਦੇ ਹਰ ਫ਼ੈਸਲੇ ਦਾ ਸਮਰਥਨ ਕੇਵਲ ਤੇ ਕੇਵਲ ਕੇਂਦਰ ਸਰਕਾਰ 'ਚ ਮਿਲੀ ਮੰਤਰੀ ਦੀ ਪਦਵੀ ਨੂੰ ਸਲਾਮਤ ਰੱਖਣ ਲਈ ਕੀਤਾ ਜਾ ਰਿਹਾ ਹੈ।

ਸੰਧਵਾਂ ਨੇ ਕਿਹਾ 14 ਦਸੰਬਰ 1920 ਨੂੰ ਹੋਂਦ 'ਚ ਆਏ ਅਕਾਲੀ ਦਲ ਨੇ ਹਮੇਸ਼ਾ ਘੱਟ ਗਿਣਤੀਆਂ ਨਾਲ ਧੱਕੇ ਦੇ ਵਿਰੋਧ 'ਚ ਸਟੈਂਡ ਲਿਆ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਲਈ ਆਵਾਜ਼ ਉਠਾਈ ਪਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਵਰਤਮਾਨ ਕਾਰਪੋਰੇਟ ਅਕਾਲੀ ਦਲ ਆਪਣੇ ਸਾਰੇ ਸਿਧਾਂਤਾਂ ਤੇ ਟਕਸਾਲੀ ਸਰੋਕਾਰਾਂ ਨੂੰ ਤਿਲਾਂਜਲੀ ਦੇ ਚੁੱਕਾ ਹੈ।

ਸੰਧਵਾਂ ਅਤੇ ਰੋੜੀ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਨੇ ਪੰਜਾਬ, ਪੰਜਾਬੀਅਤ, ਪੰਥ ਅਤੇ ਘੱਟ ਗਿਣਤੀਆਂ ਦੇ ਸਰੋਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੀ ਥਾਂ ਆਪਣੀ ਨੂੰਹ ਰਾਣੀ ਦੀ ਕੁਰਸੀ ਨੂੰ ਹੀ ਤਰਜੀਹ ਦਿੱਤੀ ਹੈ। ਨਾਗਰਿਕ ਸੋਧ ਬਿੱਲ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਵਾਸਤਵਿਕ ਸੰਘੀ ਢਾਂਚੇ 'ਤੇ ਅਧਾਰਿਤ ਆਪਣਾ ਦਹਾਕਿਆਂ ਪੁਰਾਣਾ ਸਟੈਂਡ ਛੱਡ ਕੇ ਮੋਦੀ ਸਰਕਾਰ ਦੇ ਜੀਐੱਸਟੀ ਸਮੇਤ ਤਾਕਤਾਂ ਦੇ ਕੇਂਦਰੀਕਰਨ ਕਰਨ ਵਾਲੇ ਕਈ ਬਿਲਾਂ ਨੂੰ ਅੰਨਾ ਸਮਰਥਨ ਦਿੱਤਾ ਹੈ।

ਉਨ੍ਹਾਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਸ ਤਰਾਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਬਾਦਲ ਪਰਿਵਾਰ ਨੂੰ ਖਦੇੜਿਆ ਹੈ। ਉਸੇ ਤਰਾਂ ਧਰਮ ਦੀ ਆੜ 'ਚ ਸਿਆਸੀ ਫ਼ਾਇਦਾ ਚੁੱਕਣ ਵਾਲੇ ਬਾਦਲ ਪਰਿਵਾਰ ਨੂੰ ਗੁਰਦੁਆਰਾ ਪ੍ਰਬੰਧਾਂ ਚੋਂ ਖਦੇੜਣ ਲਈ ਵੀ ਇੱਕਮੁੱਠ ਹੋਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।

Posted By: Tejinder Thind