ਜੇਐੱਨਐੱਨ, ਚੰਡੀਗੜ੍ਹ : ਖਾਦ ਤੇ ਸਪਲਾਈ ਵਿਭਾਗ ਨੇ ਆਟਾ ਦਾਲ ਯੋਜਨਾ ਤਹਿਤ ਬਣੇ ਨੀਲੇ ਕਾਰਡਾਂ ਨੂੰ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਹੈ। ਵਿਭਾਗ ਹੁਣ ਨਵੇਂ ਸਮਾਰਟ ਰਾਸ਼ਨ ਕਾਰਡ ਜਾਰੀ ਕਰੇਗਾ। ਜਿਸ ਵਿਚ ਚਿਪ ਲੱਗੀ ਹੋਵੇਗੀ। ਇਸ ਕਾਰਡ ਨੂੰ ਸਵੈਪ ਕਰਵਾਉਣਾ ਜ਼ਰੂਰੀ ਹੋਵੇਗਾ, ਜਿਸ ਵਿਚ ਲਾਭ ਪ੍ਰਾਪਤ ਕਰਨ ਵਾਲੇ ਦੀ ਪੂਰੀ ਜਾਣਕਾਰੀ ਹੋਵੇਗੀ। ਦੱਸ ਦਈਏ ਕਿ ਖਾਦ ਤੇ ਸਪਲਾਈ ਵਿਭਾਗ ਲੰਬੇ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈਣ ਵਾਲੇ ਪਰਿਵਾਰਾਂ ਦਾ ਡਾਟਾ ਆਧਾਰ ਨਾਲ ਲਿੰਕ ਕਰਨ ਤੇ ਉਨ੍ਹਾਂ ਦੀ ਦੁਬਾਰਾ ਜਾਂਚ ਕਰਵਾਉਣ ਵਿਚ ਜੁਟਿਆ ਹੋਇਆ ਸੀ। ਸਾਰੀ ਪ੍ਰਕਿਰਿਆ ਲਗਪਗ ਪੂਰੀ ਹੋ ਗਈ ਹੈ। ਜਿਸ ਤੋਂ ਬਾਅਦ ਵਿਭਾਗ ਨੇ ਇਕ ਹੁਕਮ ਜਾਰੀ ਕਰ ਕੇ ਪਹਿਲਾਂ ਜਾਰੀ ਨੀਲੇ ਕਾਰਡਾਂ ਨੂੰ ਰੱਦ ਕਰ ਦਿੱਤਾ ਹੈ। ਜਿਸ ਦੇ ਅਗਲੇ 15 ਦਿਨਾਂ ਵਿਚ ਕਾਰਡਾਂ ਦੀ ਜਾਂਚ ਤੋਂ ਬਾਅਦ ਲਾਭ ਪ੍ਰਾਪਤ ਕਰਨ ਵਾਲਿਆਂ ਨੂੰ ਨਵੇਂ ਸਮਾਰਟ ਰਾਸ਼ਨ ਕਾਰਡ ਦਿੱਤੇ ਜਾਣਗੇ।