-ਟੋਭੇ ਦੀ ਥਾਂ 'ਤੇ ਮਿੱਟੀ ਭਰ ਕੇ ਕੀਤੇ ਗਏ ਸੀ ਨਾਜਾਇਜ਼ ਕਬਜ਼ੇ

-ਪਾਰਕ ਦੀ ਕੀਤੀ ਜਾਏਗੀ ਉਸਾਰੀ : ਸਰਪੰਚ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਪ੍ਰਸ਼ਾਸਨ ਵੱਲੋਂ ਅੱਜ ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ਦੇ ਨੇੜੇ ਪੈਂਦੇ ਪਿੰਡ ਜਵਾਹਰਪੁਰ ਵਿਖੇ ਅੱਜ ਇਕ ਟੋਭੇ 'ਤੇ ਕੀਤੇ ਨਾਜਾਇਜ਼ ਕਬਜ਼ੇ ਖ਼ਾਲੀ ਕਰਵਾਏ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੀਡੀਪੀਓ ਰਮੇਸ਼ ਕੁਮਾਰ ਨੇ ਦੱਸਿਆ ਕਿ ਪਿੰਡ 'ਚ ਦੋ ਬਿਘੇ 'ਤੇ ਇਕ ਟੋਭਾ ਸਥਿਤ ਸੀ। ਲੰਘੇ ਪੰਜ ਸਾਲ ਪਹਿਲਾਂ ਇਸ ਟੋਭੇ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਮਿੱਟੀ ਪਾ ਕੇ ਭਰ ਕੇ ਇਸਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰ ਲਏ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਅੱਜ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸ ਜ਼ਮੀਨ 'ਤੇ ਤਕਰੀਬਨ ਛੇਂ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਮੌਕੇ 'ਤੇ ਕਬਜ਼ਾਧਾਰੀ ਲੋਕਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਪਰ ਪੁਲਿਸ ਦੀ ਮਦਦ ਨਾਲ ਕਬਜ਼ੇ ਖ਼ਾਲੀ ਕਰਵਾ ਜ਼ਮੀਨ ਨੂੰ ਪੰਚਾਇਤ ਦੇ ਹਵਾਲੇ ਕਰ ਦਿੱਤਾ।

ਇਸ ਬਾਰੇ ਸੰਪਰਕ ਕਰਨ 'ਤੇ ਪਿੰਡ ਦੀ ਸਰਪੰਚ ਕਮਲਜੀਤ ਕੌਰ ਦੇ ਪਤੀ ਅਤੇ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਇਸ ਜ਼ਮੀਨ ਨੂੰ ਖ਼ਾਲੀ ਕਰਵਾਉਣ ਲਈ ਸੰਘਰਸ਼ ਕਰ ਰਹੇ ਸੀ ਜੋ ਹੁਣ ਖ਼ਾਲੀ ਹੋ ਗਈ ਹੈ। ਉਨ੍ਹਾਂ ਕਿਹਾ ਇਸ ਜ਼ਮੀਨ 'ਤੇ ਪਿੰਡ ਵਾਸੀਆਂ ਦੀ ਲੋੜ ਨੂੰ ਦੇਖਦਿਆਂ ਪਾਰਕ ਵਿਕਸਤ ਕੀਤਾ ਜਾਏਗਾ ਜਿਥੇ ਲੋਕਾਂ ਨੂੰ ਸੈਰ ਕਰਨ 'ਚ ਮਦਦ ਮਿਲੇਗੀ।