ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਸੈਣੀ ਖ਼ਿਲਾਫ਼ ਇਕ ਹੋਰ ਗਵਾਹ ਸਾਹਮਣੇ ਆਇਆ ਹੈ। ਬੇਸ਼ੱਕ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਹੱਤਿਆ ਮਾਮਲੇ ਵਿਚ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਈ ਹੋਈ ਹੈ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੀ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਲੈਂਕਟ ਜ਼ਮਾਨਤ ਦੇ ਦਿੱਤੀ ਹੈ।

ਭਗਵਾਨ ਸਿੰਘ ਮੋਕਲ ਪੁੱਤਰ ਬੰਤਾ ਸਿੰਘ ਨਿਵਾਸੀ ਗਿਲਕੋ ਹਾਈਟਸ (ਮੋਹਾਲੀ) ਨੇ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਧਾਰਾ 164 ਦੇ ਤਹਿਤ ਬਿਆਨ ਦਰਜ ਕਰਵਾ ਕੇ ਸੁਮੇਧ ਸੈਣੀ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਭਗਵਾਨ ਸਿੰਘ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਹ 1978 ਤੋਂ 1984 ਤਕ ਪੰਜਾਬ ਯੂਨੀਵਰਸਿਟੀ ਵਿਚ ਗੁਰੂ ਨਾਨਕ ਸਿੱਖ ਸਟੱਡੀਜ਼ ਵਿਚ ਰਿਸਚਰਜ ਸਕਾਲਰ ਸੀ। ਸੁਮੇਧ ਸੈਣੀ ਉਨ੍ਹੀਂ ਦਿਨੀਂ ਯੂਨੀਵਰਸਿਟੀ ਦਾ ਵਿਦਿਆਰਥੀ ਸੀ, ਜਿਸ ਕਰ ਕੇ ਉਹ ਇਕ ਦੂਜੇ ਨੂੰ ਜਾਣਦੇ ਸਨ। ਐੱਸਐੱਸਪੀ ਚੰਡੀਗੜ੍ਹ ਹੁੰਦੇ ਹੋਏ ਸੈਣੀ 'ਤੇ ਬੰਬ ਹਮਲਾ ਹੋਇਆ ਤਾਂ 29 ਜਨਵਰੀ 1992 ਨੂੰ ਉਸਨੂੰ ਵੀ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਕੇ ਸੀਆਰਪੀਐੱਫ ਦੇ ਕੈਂਪ ਪਿੰਜੌਰ ਲੈ ਗਏ। ਉੱਥੇ ਉਸਨੂੰ ਹਮਲੇ ਦਾ ਮਾਸਟਰਮਾਈਂਡ ਦੱਸਦੇ ਹੋਏ ਉਸ 'ਤੇ ਬਹੁਤ ਤਸ਼ੱਦਦ ਢਾਹਿਆ ਗਿਆ। ਇਸ ਦੌਰਾਨ ਸੈਣੀ ਨੇ ਉਸਨੂੰ ਦੱਸਿਆ ਸੀ ਕਿ ਰਾਜਿੰਦਰ ਸਿੰਘ ਬੁਲਾਰਾ ਅਤੇ ਡੀਐੱਸ ਮੁਲਤਾਨੀ ਦੇ ਮੁੰਡੇ (ਬਲਵੰਤ ਸਿੰਘ ਮੁਲਤਾਨੀ) ਨੂੰ ਮਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰਕ ਮੈਂਬਰਾਂ ਤੇ ਪੰਥਕ ਕਮੇਟੀ ਮੈਂਬਰ ਅਰੂੜ ਸਿੰਘ ਨੂੰ ਮਰਵਾਉਣ ਦੀ ਗੱਲ ਵੀ ਦੱਸੀ ਸੀ।

ਉਨ੍ਹਾਂ ਕਿਹਾ ਕਿ ਅਣਮਨੁੱਖੀ ਤਸੀਹੇ ਦੇਣ ਤੋਂ ਬਾਅਦ ਉਸ ਖ਼ਿਲਾਫ਼ 12 ਮਾਰਚ 1992 ਨੂੰ ਆਰਮਜ਼ ਐਕਟ ਤੇ ਟਾਡਾ ਤਹਿਤ ਸੈਕਟਰ 17 ਵਿਚ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਇਹ ਸਾਰੇ ਸੱਚ ਉਹ ਸਾਹਮਣੇ ਲਿਆਉਣਾ ਚਾਹੁੰਦਾ ਸੀ। ਇਸ ਕਰ ਕੇ ਹੀ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ। ਸ਼ਿਕਾਇਤਾਂ ਤੋਂ ਬਾਅਦ ਸੁਮੇਧ ਸੈਣੀ ਨੇ ਦਬਾਅ ਬਣਾਉਣ ਲਈ ਲੁਧਿਆਣਾ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਿਚ ਉਸਨੂੰ ਨਾਮਜ਼ਦ ਕਰ ਦਿੱਤਾ। ਪੁਲਿਸ ਹਿਰਾਸਤ ਦੌਰਾਨ ਸ਼ਿਕਾਇਤਾਂ ਨਾ ਕਰਨ ਦਾ ਦਬਾਅ ਬਣਾਇਆ ਗਿਆ। ਭਗਵਾਨ ਸਿੰਘ ਨੇ ਕਿਹਾ ਕਿ ਇਨ੍ਹਾਂ ਕਾਰਨਾਂ ਦੇ ਚੱਲਦੇ ਹੀ ਉਹ ਪਿਛਲੇ ਦਿਨੀਂ ਮਟੌਰ ਥਾਣੇ ਵਿਚ ਸੈਣੀ ਖ਼ਿਲਾਫ਼ ਦਰਜ ਮਾਮਲੇ ਸਬੰਧੀ ਆਪਣੇ ਬਿਆਨ ਦਰਜ ਕਰਵਾਉਣ ਆਇਆ ਹੈ।

Posted By: Jagjit Singh