ਆਨਲਾਈਨ ਡੈਸਕ, ਜਲੰਧਰ : ਖੰਨਾ ਪੁਲਿਸ ਜ਼ਿਲ੍ਹੇ ਦੇ ਥਾਣਾ ਮਲੌਦ ਦੀ ਪੁਲਿਸ ਨੇ 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਫੜਿਆ ਗਿਆ ਤੇਜਿੰਦਰ ਸਿੰਘ ਉਰਫ਼ ਗੋਰਖਾ ਬਾਬਾ ਅੰਮ੍ਰਿਤਪਾਲ ਦੇ ਨਿੱਜੀ ਗੰਨਮੈਨ ਵਜੋਂ ਕੰਮ ਕਰਦਾ ਸੀ। ਹਮੇਸ਼ਾ ਹਥਿਆਰਾਂ ਨਾਲ ਲੈਸ ਰਹਿਣ ਵਾਲਾ ਗੋਰਖਾ ਬਾਬਾ ਇੰਟਰਨੈੱਟ ਮੀਡੀਆ 'ਤੇ ਵੀ ਸਰਗਰਮ ਸੀ ਅਤੇ ਉਸ ਦੀਆਂ ਹਥਿਆਰਾਂ ਸਮੇਤ ਕਈ ਫੋਟੋਆਂ ਵੀ ਵਾਇਰਲ ਹੋਈਆਂ ਸਨ। ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਨਾਲ ਹਮੇਸ਼ਾ ਰਹਿਣ ਵਾਲਾ ਗੋਰਖਾ ਬਾਬਾ ਪਾਇਲ ਦੇ ਪਿੰਡ ਮਾਂਗੇਵਾਲ ਦਾ ਰਹਿਣ ਵਾਲਾ ਹੈ। ਉਹ ਅਜਨਾਲਾ ਕਾਂਡ ਸਮੇਂ ਵੀ ਅੰਮ੍ਰਿਤਪਾਲ ਦੇ ਨਾਲ ਸੀ। ਉਹ ਅੰਮ੍ਰਿਤਪਾਲ ਦੇ ਗੰਨਮੈਨ ਵਜੋਂ ਹੀ ਕੰਮ ਕਰਦਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦਾ ਨਾਂ ਅਜਨਾਲਾ ਕੇਸ ਵਿੱਚ ਵੀ ਸੀ।
ਡੀਐਸਪੀ ਪਾਇਲ ਹਰਸਿਮਰਤ ਜੀਤ ਸਿੰਘ ਨੇ ਦੱਸਿਆ ਕਿ ਤਜਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਪਾਲ ਨਾਲ ਰਹਿੰਦਾ ਸੀ। ਹਥਿਆਰਾਂ ਸਮੇਤ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਦੇਖ ਲਿਆ ਤੇ ਮਲੌਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਉਸ ਖ਼ਿਲਾਫ਼ ਮਲੌਦ ਥਾਣੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੇ ਨਾਲ ਰਹਿੰਦੇ ਕੁਝ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
Posted By: Seema Anand