ਜੇਐੱਨਐੱਨ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਸਾਰੀਆਂ ਅਫਵਾਹਾਂ ਨੂੰ ਰੱਦ ਕਰਦਿਆਂ 8 ਜੁਲਾਈ ਤੋਂ ਵੱਖ-ਵੱਖ ਕੋਰਸਾਂ 'ਚ ਦਾਖਲੇ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੀਯੂ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਸਹੂਲਤ ਦਿੰਦਿਆਂ ਪੂਰੀ ਦਾਖ਼ਲਾ ਪ੍ਰਕਿਰਿਆ ਆਨਲਾਈਨ ਕਰਨ ਦਾ ਫ਼ੈਸਲਾ ਕੀਤਾ ਹੈ।

ਫੈਲੀ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦਾਖਲੇ ਆਨਲਾਈਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। 8 ਜੁਲਾਈ ਤੋਂ ਹੀ ਪੀਯੂ 'ਚ ਹੋਣ ਵਾਲੀ ਦਾਖ਼ਲਾ ਪ੍ਰਕਿਰਿਆ ਲਈ ਵੈਬਸਾਈਟ ਵੀ ਸ਼ੁਰੂ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਵੈਬਸਾਈਟ ਨੂੰ ਬਣਾਉਣ ਲਈ ਪੀਯੂ ਦਾ ਕੰਪਿਊਟਰ ਸੈਂਟਰ ਕਈ ਮਹੀਨੇ ਪਹਿਲਾਂ ਤੋਂ ਹੀ ਕੰਮ ਕਰ ਰਿਹਾ ਸੀ। ਉਥੇ ਪੂਰੀ ਦਾਖਲਾ ਪ੍ਰਕਿਰਿਆ ਕੰਪਿਊਟਰ ਸੈਂਟਰ ਖੁਦ ਹੀ ਸੰਭਾਲੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ 8 ਜੁਲਾਈ ਤੋਂ ਪਹਿਲਾਂ ਹੀ ਹੈਂਡਬੁੱਕ ਆਫ ਇਨਫਾਰਮੇਸ਼ਨ ਵੈਬਸਾਈਟ 'ਤੇ ਅਪਲੋਡ ਕਰੇਗਾ, ਜਿਸ ਨੂੰ ਵੇਖ ਕੇ ਵਿਦਿਆਰਥੀ ਕੋਰਸ ਅਨੁਸਾਰ ਦਾਖਲੇ ਲਈ ਅਪਲਾਈ ਕਰ ਸਕਦੇ ਹਨ।

ਪੀਯੂ ਪ੍ਰਸ਼ਾਸਨ ਵੱਲੋਂ ਇਕ ਕੋਰਸ ਦੀ ਫੀਸ 300 ਰੁਪਏ, ਦੋ ਕੋਰਸਾਂ ਦੀ 400, 3 ਕੋਰਸਾਂ ਦੀ 500 ਤੇ ਚਾਰ ਕੋਰਸਾਂ ਦੀ ਫੀਸ 600 ਰੁਪਏ ਨਿਰਧਾਰਿਤ ਕੀਤੀ ਗਈ ਹੈ।

ਅਪਲਾਈ ਕਰਨਾ ਹੋਵੇਗਾ ਆਸਾਨ

ਪੀਯੂ ਪ੍ਰਸ਼ਾਸਨ ਵੱਲੋਂ ਇਸ ਸਾਲ ਦਾਖਲੇ ਲਈ ਅਪਲਾਈ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਇਆ ਗਿਆ ਹੈ। ਆਨਲਾਈਨ ਦਾਖਲਿਆਂ ਨਾਲ ਨਾ ਤਾਂ ਕੈਂਪਸ 'ਚ ਵਿਦਿਆਰਥੀਆਂ ਦੀ ਭੀੜ ਇਕੱਠੀ ਹੋਵੇਗੀ ਤੇ ਨਾਲ ਹੀ ਕੋਰੋਨਾ ਦਾ ਖ਼ਤਰਾ ਰਹੇਗਾ। ਕੋਈ ਵੀ ਵਿਦਿਆਰਥੀ ਦੇਸ਼ ਵਿਦੇਸ਼ਾਂ 'ਚ ਬੈਠ ਕੇ ਦਾਖਲਾ ਲੈਣ ਲਈ ਅਪਲਾਈ ਕਰ ਸਕੇਗਾ।

ਇੰਜੀਨੀਅਰਿੰਗ ਵਿਦਿਆਰਥੀਆਂ ਲਈ ਵੱਖਰੀ ਹੋਵੇਗੀ ਵੈਬਸਾਈਟ

ਜਿਹੜੇ ਵਿਦਿਆਰਥੀ ਇੰਜੀਨੀਅਰਿੰਗ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਪੀਯੂ ਪ੍ਰਸ਼ਾਸਨ ਵੱਲੋਂ ਵੱਖਰੀ ਵੈਬਸਾਈਟ ਬਣਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹਰ ਸਾਲ ਦੀ ਤਰ੍ਹਾਂ ਇੰਜੀਨੀਅਰਿੰਗ 'ਚ ਵਿਦਿਆਰਥੀਆਂ ਦੇ ਦਾਖਲੇ ਜੇਈਈ ਦੇ ਆਧਾਰ 'ਤੇ ਹੀ ਹੋਣਗੇ। ਇੰਜੀਨੀਅਰਿੰਗ 'ਚ ਦਾਖਲੇ ਦਾ ਐਲਾਨ ਜਲਦੀ ਹੀ ਪੀਯੂ ਪ੍ਰਸ਼ਾਸਨ ਕਰੇਗਾ।

ਕੰਪਨੀ ਬਰਾਬਰ ਹੀ ਹੋਵੇਗੀ ਫੀਸ

ਬੇਸ਼ੱਕ ਪੀਯੂ ਪ੍ਰਸ਼ਾਸਨ ਨੇ ਦਾਖ਼ਲਾ ਪ੍ਰਕਿਰਿਆ ਖੁਦ ਕਰਵਾਉਣ ਦਾ ਫੈਸਲਾ ਕੀਤਾ ਹੈ ਪਰ ਉਹ ਬੱਚਿਆਂ ਕੋਲੋਂ ਦਾਖਲਾ ਫੀਸ ਦੇ ਰੂਪ 'ਚ ਉਨੀ ਹੀ ਰਾਸ਼ੀ ਵਸੂਲੇਗਾ, ਜਿੰਨੀ ਉਹ ਕੰਪਨੀ ਨੂੰ ਦਿੰਦਾ ਸੀ।

ਕੋਰਸ ਲਈ ਅਪਲਾਈ ਕਰਨ ਦੀ ਨਹੀਂ ਹੈ ਕੋਈ ਆਖਰੀ ਤਾਰੀਕ

ਪੀਯੂ ਪ੍ਰਸ਼ਾਸਨ ਵੱਲੋਂ ਵੱਖ-ਵੱਖ ਕੋਰਸਾਂ 'ਚ ਅਪਲਾਈ ਕਰਨ ਲਈ ਕੋਈ ਆਖਰੀ ਤਾਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ। ਵਿਦਿਆਰਥੀ ਅਗਲੇ ਹੁਕਮ ਤਕ ਜਿਸ ਕੋਰਸ 'ਚ ਦਾਖ਼ਲਾ ਲੈਣਾ ਚਾਹੁੰਦੇ ਹਨ, ਉਸ ਲਈ ਅਪਲਾਈ ਕਰ ਸਕਦੇ ਹਨ। ਦਾਖਲਾ ਪ੍ਰਕਿਰਿਆ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ।