Milkha Singh passed away: ਵੈਸੇ ਤਾਂ ਮਿਲਖਾ ਸਿੰਘ ਨੇ ਆਪਣੇ ਜੀਵਨ ਵਿਚ ਸਭ ਕੁਝ ਹਾਸਲ ਕੀਤਾ ਸੀ ਪਰ ਉਨ੍ਹਾਂ ਦਾ ਇਕ ਸੁਪਨਾ ਅਧੂਰਾ ਰਹਿ ਗਿਆ ਅਤੇ ਉਹ ਇਸ ਅਧੂਰੇ ਸੁਪਨੇ ਨਾਲ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ। ਮਿਲਖਾ ਸਿੰਘ ਅਕਸਰ ਕਹਿੰਦੇ ਸਨ ਕਿ ਰੋਮ ਓਲੰਪਿਕ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਦੁਨੀਆ ਭਰ ਵਿਚ ਘਟੋ ਘੱਟ 80 ਦੌਡ਼ਾਂ ਵਿਚ ਭਾਗ ਲਿਆ ਸੀ, ਇਸ ਵਿਚੋਂ ਉਨ੍ਹਾਂ ਨੇ 77 ਦੌਡ਼ਾਂ ਜਿੱਤੀਆਂ, ਜੋ ਇਕ ਰਿਕਾਰਡ ਬਣ ਗਿਆ ਸੀ।

ਮਿਲਖਾ ਸਿੰਘ ਕਹਿੰਦੇ ਸਨ,‘ਸਾਰੀ ਦੁਨੀਆ ਇਹ ਉਮੀਦਾਂ ਲਗਾ ਰਹੀ ਸੀ ਕਿ ਰੋਮ ਓਲੰਪਿਕ ਵਿਚ 400 ਮੀਟਰ ਦੌਡ਼ ਮਿਲਖਾ ਹੀ ਜਿੱਤੇਗਾ। ਮੈਂ ਆਪਣੀ ਗਲਤੀ ਕਾਰਨ ਮੈਡਲ ਨਹੀਂ ਜਿੱਤ ਸਕਿਆ। ਮੈਂ ਏਨੇ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹਾਂ ਕਿ ਕੋਈ ਦੂਜਾ ਇੰਡੀਅਨ ਉਹ ਕਾਰਨਾਮਾ ਕਰ ਦਿਖਾਵੇ, ਜਿਸ ਨੂੰ ਕਰਦੇ ਕਰਦੇ ਮੈਂ ਖੁੰਝ ਗਿਆ ਸੀ ਪਰ ਕੋਈ ਐਥਲੀਟ ਓਲੰਪਿਕ ਵਿਚ ਮੈਡਲ ਨਹੀਂ ਜਿੱਤ ਸਕਿਆ।’

ਐਥਲੀਟਾਂ ਨੂੰ ਚਾਹੀਦੈ ਕੋਈ ਰੋਲ ਮਾਡਲ

ਮਿਲਖਾ ਸਿੰਘ ਕਹਿੰਦੇ ਸਨ ਕਿ ਜੇ ਰੋਮ ਓਲੰਪਿਕ ਵਿਚ ਉਹ ਮੈਡਲ ਜਿੱਤ ਜਾਂਦੇ ਤਾਂ ਅੱਜ ਦੇਸ਼ ਵਿਚ ਜਮੈਕਾ ਵਾਂਗ ਹਰ ਘਰ ਵਿਚੋਂ ਐਥਲੀਟ ਨਿਕਲਦੇ। ਉਹ ਰੋਮ ਵਿਚ ਮੈਡਲ ਜਿੱਤਣ ਤੋਂ ਨਹੀਂ ਖੁੰਝੇ ਬਲਕਿ ਇਸ ਦੇਸ਼ ਨੂੰ ਰੋਲ ਮਾਡਲ ਅਤੇ ਸਪਨੇ ਦੇਣ ਤੋਂ ਵਾਂਝੇ ਰਹਿ ਗਏ ਸੀ। ਪੀਟੀ ਊਸ਼ਾ ਅਤੇ ਸ੍ਰੀਰਾਮ ਸਿੰਘ ਵਰਗੇ ਐਥਲੀਟ ਵੀ ਮੈਡਲ ਜਿੱਤਣ ਤੋਂ ਖੁੰਝੇ, ਜਿਨ੍ਹਾਂ ਤੋਂ ਦੇਸ਼ ਨੂੰ ਕਾਫੀ ਉਮੀਦਾਂ ਸਨ। ਜੇ ਅਸੀਂ ਮੈਡਲ ਜਿੱਤ ਜਾਂਦੇ ਤਾਂ ਐਥਲੇਟਿਕਸ ਗੇਮਜ਼ ਪ੍ਰਤੀ ਵੀ ਨੌਜਵਾਨਾਂ ਦਾ ਆਕਰਸ਼ਣ ਹੁੰਦਾ, ਜੋ ਧਿਆਨਚੰਦ ਦੇ ਸਮੇਂ ਹਾਕੀ ਅਤੇ ਸਾਲ 1983 ਵਿਚ ਕ੍ਰਿਕਟ ਵਰਲਡ ਕੱਪ ਜਿੱਤਣ ਤੋਂ ਬਾਅਦ ਕ੍ਰਿਕਟ ਦਾ ਸੀ। ਮਿਲਖਾ ਸਿੰਘ ਕਹਿੰਦੇ ਸਨ, ਮੈਂ ਏਨੇ ਸਾਲਾਂ ਤੋਂ ਇੰਤਜ਼ਾਰ ਕਰ ਰਿਹਾ ਹਾਂ ਪਰ ਮੇਰਾ ਇੰਤਜ਼ਾਰ ਮੁੱਕ ਹੀ ਨਹੀਂ ਰਿਹਾ।

ਐਥਲੇਟਿਕਸ ਗੇਮਜ਼ ਨੂੰ ਵੀ ਮਿਲੇ ਕ੍ਰਿਕਟ ਵਾਂਗ ਤਵੱਜੋ

ਮਿਲਖਾ ਸਿੰਘ ਅਕਸਰ ਹਰ ਮੰਚ ’ਤੇ ਇਹ ਸ਼ਿਕਾਇਤ ਕਰਦੇ ਸਨ ਕਿ ਕ੍ਰਿਕਟ ਸਿਰਫ਼ 10 ਤੋਂ 14 ਦੇਸ਼ ਖੇਡਦੇ ਹਨ, ਬਾਵਜੂਦ ਇਸ ਦੇ ਉਸ ਨੂੰ ਮੀਡੀਆ ਵੱਲੋਂ ਜ਼ਿਆਦਾ ਕਵਰੇਜ ਮਿਲਦੀ ਹੈ ਪਰ ਐਥਲੇਟਿਕਸ ਗੇਮਜ਼ 200 ਤੋਂ ਜ਼ਿਆਦਾ ਦੇਸ਼ ਖੇਡਦੇ ਹਨ। ਉਸ ਲਿਹਾਜ਼ ਨਾਲ ਐਥਲੇਟਿਕਸ ਗੇਮਜ਼ ਨੂੰ ਤੱਵਜੋ ਨਹੀਂ ਦਿੱਤਾ ਜਾਂਦਾ ਹੈ। ਇਸ ਲਈ ਐਥਲੇਟਿਕਸ ਵਿਚ ਮਹੱਤਵ ਨੂੰ ਸਾਨੂੰ ਸਮਝਣਾ ਹੋਵੇਗਾ। ਮਿਲਖਾ ਸਿੰਘ ਨੂੰ ਟੋਕਿਓ ਓਲੰਪਿਕ ਵਿਚ ਐਥਲੀਟ ਹਿਮਾਦਾਸ ਤੋਂ ਕਾਫੀ ਉਮੀਦਾਂ ਸਨ। ਇਸ ਬਾਬਤ ਉਨ੍ਹਾਂ ਨੇ ਉਸ ਨੂੰ ਤਿਆਰੀ ਦੇ ਟਿਪਸ ਵੀ ਦਿੱਤੇ ਸਨ।

Posted By: Tejinder Thind