ਸਰਕਾਰੀ ਗੱਡੀ ਨਾ ਮਿਲਣ ’ਤੇ ਛੋਟਾ ਹਾਥੀ ’ਚ ਰੱਖ ਕੇ ਸ਼ਮਸ਼ਾਨ ਘਾਟ ਲਿਜਾਣੀ ਪਈ ਲਾਸ਼
ਡੇਰਾਬੱਸੀ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ,
Publish Date: Sun, 07 Dec 2025 06:14 PM (IST)
Updated Date: Sun, 07 Dec 2025 06:15 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਰਿਵਾਰ ਨੂੰ ਲਾਸ਼ ਸ਼ਮਸ਼ਾਨ ਘਾਟ ਤੱਕ ਲੈ ਜਾਣ ਲਈ ਸਰਕਾਰੀ ਫਿਉਨਰਲ ਵੈੱਨ ਹੀ ਨਹੀਂ ਮਿਲੀ। ਨਗਰ ਕੌਂਸਲ ਦੇ ਅਧਿਕਾਰੀਆਂ ਦੀ ਬੇਰੁਖੀ ਅਤੇ ਸਿਫਾਰਸ਼ੀ ਰਵੱਈਏ ਕਾਰਨ ਪਰਿਵਾਰ ਨੂੰ ਲਾਸ਼ ਛੋਟੇ ਹਾਥੀ (ਆਟੋ) ਵਿਚ ਰੱਖ ਕੇ ਸੰਸਕਾਰ ਲਈ ਸ਼ਮਸ਼ਾਨ ਘਾਟ ਤੱਕ ਲੈਕੇ ਜਾਣਾ ਪਿਆ। ਮ੍ਰਿਤਕ ਅੰਮ੍ਰਿਤ ਸਿੰਘ ਵਾਸੀ ਰਾਮਦਾਸੀਆ ਮੁਹੱਲਾ ਦੇ ਪਰਿਵਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸ਼ਾਮ ਚਾਰ ਵਜੇ ਫਿਉਨਰਲ ਵੈੱਨ ਲੈਕੇ ਆਉਣ ਲਈ ਫੋਨ ਕੀਤਾ ਸੀ। ਗੱਡੀ ਚਾਲਕ 5 ਵਜੇ ਤੱਕ ਲਾਅਰੇ ਲਾਉਂਦਾ ਰਿਹਾ, ਬਾਅਦ ਵਿਚ ਚਾਲਕ ਨੇ ਸਪੱਸ਼ਟ ਕੀਤਾ ਕਿ ਨਗਰ ਕੌਂਸਲ ਪ੍ਰਧਾਨ ਨੇ ਫਿਉਨਰਲ ਵੈੱਨ ਨੂੰ ਕਿਸੇ ਹੋਰ ਥਾਂ ਭੇਜ ਦਿੱਤਾ ਸੀ, ਜਿਸ ਕਰ ਕੇ ਉਹ ਮੌਕੇ ’ਤੇ ਨਹੀਂ ਪਹੁੰਚ ਸਕਿਆ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਨਗਰ ਕੌਂਸਲ ਦੀ ਇਹ ਕਾਰਵਾਈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਸਿਫਾਰਿਸ਼ੀ ਕਾਰਵਾਈਆਂ ’ਤੇ ਰੋਕ ਲਾਉਂਦੇ ਪਹਿਲ ਦੇ ਆਧਾਰ ’ਤੇ ਕੰਮ ਕਰਨਾ ਚਾਹੀਦਾ ਹੈ। ਅੱਜ ਦੀ ਇਹ ਘਟਨਾ ਲੋਕਾਂ ਨੂੰ ਸੁਵਿਧਾਜਨਕ ਸੇਵਾਵਾਂ ਦੇਣ ਦੀ ਲੋੜ ਬਾਰੇ ਸੋਚਣ ’ਤੇ ਮਜਬੂਰ ਕਰਦਾ ਹੈ। ਫਿਉਨਰਲ ਵੈੱਨ ਚਾਲਕ ਅਵਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਅਸਲ ’ਚ ਫਾਇਰ ਬ੍ਰਿਗੇਡ ਦੀ ਗੱਡੀ ਚਲਾਉਂਦੇ ਹਨ। ਫਿਉਨਰਲ ਵੈੱਨ ਦਾ ਚਾਲਕ ਦੋ ਮਹੀਨੇ ਦੀ ਛੁੱਟੀ ਤੇ ਹੋਣ ਕਾਰਨ ਉਹ ਆਰਜ਼ੀ ਤੌਰ ’ਤੇ ਗੱਡੀ ਚਲਾ ਰਿਹਾ ਹੈ। ਐਤਵਾਰ ਤਿੰਨ ਵੱਖ-ਵੱਖ ਸਥਾਨਾਂ ਤੇ ਮ੍ਰਿਤਕ ਦੇਹ ਸ਼ਮਸ਼ਾਨ ਘਾਟ ਲਿਜਾਣੀ ਸੀ। ਉਸਦੇ ਕਹਿਣ ਮੁਤਾਬਕ ਅੰਮ੍ਰਿਤ ਸਿੰਘ ਦੀ ਮ੍ਰਿਤਕ ਦੇਹ ਲੈ ਜਾਣ ਤੋਂ ਪਹਿਲਾਂ ਨਗਰ ਕੌਂਸਲ ਪ੍ਰਧਾਨ ਦਾ ਫੋਨ ਦੂਜੇ ਪਾਸੇ ਜਾਣ ਲਈ ਆ ਗਿਆ ਸੀ, ਜਦਕਿ ਉਨ੍ਹਾਂ ਨੇ ਪ੍ਰਧਾਨ ਨੂੰ ਅੰਮ੍ਰਿਤ ਸਿੰਘ ਦੇ ਪਰਿਵਾਰ ਬਾਰੇ ਦੱਸਿਆ ਸੀ ਲੇਕਿਨ ਪ੍ਰਧਾਨ ਨੇ ਦੂਜੀ ਥਾਂ ’ਤੇ ਜਾਣਾ ਜ਼ਰੂਰੀ ਕਹਿੰਦੇ ਆਸ਼ਿਆਨਾ ਕਾਲੋਨੀ ਭੇਜ ਦਿੱਤਾ ਸੀ। ਚਾਲਕ ਅਵਤਾਰ ਸਿੰਘ ਵੱਲੋਂ ਦੱਸਿਆ ਨੰਬਰ ਡੇਰਾਬੱਸੀ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਦੇ ਪਤੀ ਨਰੇਸ਼ ਉਪਨੇਜਾ ਦਾ ਸੀ, ਜਿਨ੍ਹਾਂ ਨਾਲ ਵਾਰ ਵਾਰ ਸੰਪਰਕ ਕਰਨ ’ਤੇ ਉਨ੍ਹਾਂ ਨੇ ਫੋਨ ਚੁਕਣਾ ਮੁਨਾਸਬ ਨਹੀਂ ਸਮਝਿਆ। ਇਸ ਮਾਮਲੇ ਨੂੰ ਲੈਕੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੇ ਚਰਚਾ ਛੇੜ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਘਟਨਾ ਸਥਾਨਕ ਲੋਕਾਂ ਵਿਚ ਸਰਕਾਰੀ ਸੇਵਾਵਾਂ ਪ੍ਰਤੀ ਭਰੋਸਾ ਕਮਜ਼ੋਰ ਕਰਦੀ ਹੈ। ਨਗਰ ਕੌਂਸਲ ਦੀ ਅਜਿਹੀ ਕਾਰਗੁਜ਼ਾਰੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹੈ। ਇਸ ਲਈ ਸਥਾਨਕ ਪ੍ਰਸ਼ਾਸਨ ਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਘਟਨਾ ਦੀ ਪੂਰੀ ਜਾਂਚ ਕਰਕੇ ਆਉਣ ਵਾਲੇ ਸਮੇਂ ਵਿਚ ਸਿਫਾਰਸ਼ੀ ਰਵੱਈਆ ਖ਼ਤਮ ਕਰਦੇ ਉਸ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।