ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਸਰਕਾਰ ਅਤੇ ਅਕਾਲੀ ਦਲ ਵਿਚ ਦਿੱਲੀ-ਅੰਮ੍ਰਿਤਸਰ ਕੱਟੜਾ ਹਾਈਵੇ ਪ੍ਰੋਜੈਕਟ ਦਾ ਸਿਹਰਾ ਲੈਣ ਦੀ ਹੋੜ ਲੱਗ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਪ੍ਰਸਤਾਵ 'ਤੇ ਸਹਿਮਤੀ ਪ੍ਰਗਟਾਉਂਦੇ ਹੋਏ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਵੇਅ ਦੇ ਪੰਜਾਬ ਵਿਚਲੇ ਹਿੱਸੇ ਨੂੰ ਨਕੋਦਰ ਨਾਲ ਸੰਪਰਕ ਮੁਹੱਈਆ ਕਰਵਾ ਕੇ ਗਰੀਨਫੀਲਡ ਪ੍ਰਾਜੈਕਟ 'ਚ ਤਬਦੀਲ ਕਰਨ ਦੀ ਸਹਿਮਤੀ ਦੇ ਦਿੱਤੀ ਹੈ।

ਇਸੀ ਤਰ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਹਾਈਵੇ ਮੰਤਰੀ ਨਿਤਿਨ ਗਡਕਰੀ ਦਾ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ ਦੀ ਯੋਜਨਾ 'ਚ ਸੋਧ ਕਰ ਕੇ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਸਿੱਧਾ ਲਿੰਕ ਸਥਾਪਿਤ ਕਰਨ ਤੇ ਪੰਜ ਪ੍ਰਮੁੱਖ ਸਿੱਖ ਗੁਰੂਧਾਮਾਂ ਨੂੰ ਜੋੜਨ ਲਈ ਨਵਾਂ ਸਿੱਖ ਸਰਕਟ ਤਿਆਰ ਕਰਨ ਦੀ ਮੰਗ ਪ੍ਰਵਾਨ ਕਰਨ 'ਤੇ ਧੰਨਵਾਦ ਕੀਤਾ ਹੈ।

ਕੇਂਦਰ ਸਰਕਾਰ ਵੱਲੋਂ ਪ੍ਰਵਾਨ ਕੀਤਾ ਦਿੱਲੀ ਅੰਮ੍ਰਿਤਸਰ, ਕੱਟੜਾ ਪ੍ਰੋਜੈਕਟ ਪੰਜ ਇਤਿਹਾਸਕ ਕਸਬਿਆਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਤਰਨਤਾਰਨ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਤਕ ਜਾਵੇਗਾ। ਮੁੱਖ ਮੰਤਰੀ ਨਾਲ ਕੇਂਦਰੀ ਸੜਕ, ਆਵਾਜਾਈ ਅਤੇ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਬਾਅਦ ਦੁਪਹਿਰ ਵੀਡੀਓ ਕਾਨਫਰੰਸਿੰਗ ਦੌਰਾਨ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਕੌਮੀ ਹਾਈਵੇ ਅਥਾਰਟੀ ਆਫ ਇੰਡੀਆ ਦੇ ਮੁਢਲੇ ਪ੍ਰਸਤਾਵ ਮੁਤਾਬਕ ਕਰਤਾਰਪੁਰ ਤੋਂ ਅੰਮ੍ਰਿਤਸਰ ਤਕ ਮੌਜੂਦਾ ਜੀਟੀ ਰੋਡ ਨੂੰ ਬ੍ਰਾਊਨਫੀਲਡ ਪ੍ਰਾਜੈਕਟ ਵਜੋਂ ਚੌੜਾ ਕੀਤਾ ਜਾਣਾ ਸੀ, ਜੋ ਮਹਿੰਗਾ ਸਾਬਤ ਹੋ ਰਿਹਾ ਸੀ ਕਿਉਂ ਜੋ ਇਸ ਨਾਲ ਜ਼ਮੀਨ ਗ੍ਰਹਿਣ ਕਰਨ ਵਾਸਤੇ ਵੱਡੇ ਪੱਧਰ 'ਤੇ ਉਸਾਰੀਆਂ ਢਾਹੁਣੀਆਂ ਪੈਣੀਆਂ ਸਨ।

ਵੀਡੀਓ ਕਾਨਫਰੰਸਿੰਗ ਦੌਰਾਨ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਅਤੇ ਪ੍ਰਸਤਾਵ ਦੇ ਸਾਰੇ ਪਹਿਲੂਆਂ ਨੂੰ ਘੋਖਣ ਤੋਂ ਬਾਅਦ ਐੱਨਐੱਚਏਆਈ ਨੇ ਦਿੱਲੀ-ਅੰਮ੍ਰਿਤਸਰ-ਕੱਟੜਾ ਦੇ ਪਹਿਲੇ ਪੜਾਅ ਦੀ ਦਿੱਲੀ-ਗੁਰਦਾਸਪੁਰ ਸੈਕਸ਼ਨ (ਜੋ ਖਨੌਰੀ ਨੇੜਿਓਂ ਸੂਬੇ 'ਚ ਪ੍ਰਵੇਸ਼ ਕਰਦਾ ਹੈ ਅਤੇ ਖਨੌਰੀ, ਪਾਤੜਾਂ, ਭਵਾਨੀਗੜ੍ਹ, ਲੁਧਿਆਣਾ, ਨਕੋਦਰ, ਜਲੰਧਰ, ਕਰਤਾਰਪੁਰ, ਕਾਦੀਆਂ ਅਤੇ ਗੁਰਦਾਸਪੁਰ 'ਚੋਂ ਦੀ ਗੁਜ਼ਰਦਾ ਹੈ) ਨੂੰ ਗਰੀਨਫੀਲਡ ਪ੍ਰਾਜੈਕਟ ਵਜੋਂ ਸੇਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਤੋਂ ਇਲਾਵਾ ਕਰਤਾਰਪੁਰ (ਪ੍ਰਸਤਾਵਿਤ ਜਲੰਧਰ-ਅੰਮ੍ਰਿਤਸਰ ਮਾਰਗ ਐੱਨਐੱਚ-3 ਦੇ ਜੰਕਸ਼ਨ) ਤੋਂ ਅੰਮ੍ਰਿਤਸਰ ਬਾਈਪਾਸ ਨੂੰ ਛੇ ਮਾਰਗੀ ਵਜੋਂ ਬ੍ਰਾਊਨਫੀਲਡ ਪ੍ਰਾਜੈਕਟ ਦੇ ਤੌਰ 'ਤੇ ਵਿਕਾਸ ਕੀਤਾ ਜਾਣਾ ਸ਼ਾਮਲ ਹੈ।


ਅਕਾਲੀ-ਭਾਜਪਾ ਸਰਕਾਰ ਵੇਲੇ ਤੈਅ ਯੋਜਨਾ ਨੂੰ ਮਿਲੀ ਮਨਜ਼ੂਰੀ : ਹਰਸਿਮਰਤ ਬਾਦਲ


ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਸਨੀਕਾਂ ਤੇ ਸਮੁੱਚੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਤੇ ਅਜਿਹਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਤਿਆਰ ਕੀਤੀ ਗਈ ਅਸਲ ਯੋਜਨਾ ਅਨੁਸਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਹਾਈਵੇ ਦੀ ਜੋ ਯੋਜਨਾ ਸੌਂਪੀ ਸੀ, ਉਸ ਮੁਤਾਬਕ ਹਾਈਵੇ ਕਰਤਾਰਪੁਰ ਨੇੜੇ ਅੰਮ੍ਰਿਤਸਰ ਤੋਂ 60 ਕਿਲੋਮੀਟਰ ਪਹਿਲਾਂ ਹੀ ਮੁੜ ਜਾਣਾ ਸੀ ਤੇ ਕਰਤਾਰਪੁਰ ਤੋਂ ਅੰਮ੍ਰਿਤਸਰ ਤਕ ਕੌਮੀ ਰਾਜਮਾਰਗ ਨੰਬਰ 3 ਨੂੰ ਅਪਗਰੇਡ ਕਰਨ ਦੀ ਯੋਜਨਾ ਸੀ। ਉਨ੍ਹਾਂ ਵੱਲੋਂ ਪੇਸ਼ ਕੀਤੀ ਨਵੀਂ ਯੋਜਨਾ ਅਨੁਸਾਰ ਐਕਸਪ੍ਰੈਸਵੇਅ ਹੁਣ ਪੰਜ ਸਿੱਖ ਗੁਰਧਾਮਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਤਰਨਤਾਰਨ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਪਸ 'ਚ ਜੋੜੇਗਾ ਤੇ ਇਹ ਡੇਰਾ ਬਾਬਾ ਨਾਨਕ ਤਕ ਪੁੱਜੇਗਾ, ਜਿਸ ਨਾਲ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸਹੂਲਤ ਮਿਲੇਗੀ। ਹਰਸਿਮਰਤ ਬਾਦਲ ਨੇ ਕੇਂਦਰੀ ਹਾਈਵੇ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਕਿ ਨਕੋਦਰ ਅਤੇ ਅੰਮ੍ਰਿਤਸਰ ਵਿਚਾਲੇ ਹਾਈਵੇ ਦਾ ਨਾਂ ਗੁਰੂ ਸਾਹਿਬਾਨ ਦੇ ਨਾਂ 'ਤੇ ਰੱਖਿਆ ਜਾਵੇ। ਨਿਤਿਨ ਗਡਕਰੀ ਨੇ ਉਨ੍ਹਾਂ ਦੀ ਮੰਗ 'ਤੇ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਬਾਦਲ ਨੇ ਇਹ ਵੀ ਕਿਹਾ ਕਿ ਪ੍ਰਸਤਾਵਿਤ ਹਾਈਵੇ ਨਾਲ ਧਾਰਮਿਕ ਸੈਰ-ਸਪਾਟਾ ਵੱਡੀ ਪੱਧਰ 'ਤੇ ਪ੍ਰਫੁੱਲਤ ਹੋਵੇਗਾ ਕਿਉਂਕਿ ਇਸ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਮਾਤਾ ਵੈਸ਼ਨੋ ਦੇਵੀ ਕੱਟੜਾ ਵਿਚਾਲੇ ਸਿੱਧਾ ਸੰਪਰਕ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਿੱਖ ਸਰਕਟ ਨਾਲ ਸਿੱਖ ਗੁਰੂ ਸਾਹਿਬਾਨ ਨਾਲ ਜੁੜੇ ਅਹਿਮ ਸਿੱਖ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ ਦੀਦਾਰ ਹੋ ਸਕਣਗੇ ਤੇ ਅੰਮ੍ਰਿਤਸਰ ਦੇ ਅਰਥਚਾਰੇ ਨੂੰ ਵੀ ਹੁਲਾਰਾ ਮਿਲੇਗਾ।

Posted By: Amita Verma