Punjab Politics, ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਰੋਪੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਅੱਜ ਮੁੜ ਪਾਰਟੀ ਵਿਚ ਵਾਪਸ ਆਉਣ ਦਾ ਐਲਾਨ ਕੀਤਾ ਗਿਆ। ਸੰਦੋਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਜਾਣਾ ਉਨ੍ਹਾਂ ਦੀ ਵੱਡੀ ਭੁੱਲ ਸੀ, ਹੁਣ ਗ਼ਲਤੀ ਦਾ ਅਹਿਸਾਸ ਹੋਣ ਤੋਂ ਬਾਅਦ ਦੁਬਾਰਾ ਆਮ ਆਦਮੀ ਪਾਰਟੀ ਵਿਚ ਵਾਪਸ ਆ ਰਿਹਾ ਹਾਂ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ- 'ਮੈਨੂੰ ਨਾ ਤਾਂ ਟਿਕਟ ਚਾਹੀਦੀ ਹੈ ਤੇ ਨਾ ਹੀ ਕੋਈ ਅਹੁਦਾ। ਮੈਂ ਪਾਰਟੀ ਵਿਚ ਇਕ ਆਮ ਵਲੰਟੀਅਰ ਬਣ ਕੇ ਪਾਰਟੀ ਅਤੇ ਲੋਕਾਂ ਦੀ ਸੇਵਾ ਕਰਾਂਗਾ।'

ਅਮਰਜੀਤ ਸਿੰਘ ਸੰਦੋਆ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਲੜੇ ਜਾ ਰਹੇ ਸੰਘਰਸ਼ ਦੌਰਾਨ ਪੰਜਾਬ ਦੀ ਕੈਪਟਨ ਸਰਕਾਰ, ਹਰਿਆਣਾ ਦੀ ਭਾਜਪਾ ਅਤੇ ਕੇਂਦਰ ਦੀ ਮੋਦੀ ਸਰਕਾਰ ਜਿੱਥੇ ਕਿਸਾਨਾਂ ਨੂੰ ਕੁਚਲਨ ਲੱਗੀ ਹੋਈ ਹੈ, ਉੱਥੇ ਹੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਕਿਸਾਨਾਂ ਦੇ ਨਾਲ ਖੜ੍ਹਦੇ ਹੋਏ ਕਿਸਾਨ ਪੱਖੀ ਅਹਿਮ ਫ਼ੈਸਲੇ ਲਏ ਹਨ, ਜਿਨ੍ਹਾਂ ਤੋਂ ਮੈਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਤੋੜ ਨਹੀਂ ਹੈ, ਜਿਸ ਤੋਂ ਪ੍ਰਭਾਵਿਤ ਹੋਕੇ ਮੈਂ ਵਾਪਸ ਪਾਰਟੀ 'ਚ ਆਇਆ ਹਾਂ।

ਉਨ੍ਹਾਂ ਕਿਹਾ, 'ਕਾਂਗਰਸ 'ਚ ਜਾਣਾ ਮੇਰੀ ਸਭ ਤੋਂ ਵੱਡੀ ਗ਼ਲਤੀ ਸੀ, ਇਸ ਗ਼ਲਤੀ ਕਰਕੇ ਮੈਂ ਸ਼ਰਮਿੰਦਾ ਹਾਂ। ਜੇਕਰ ਮੇਰੀ ਇਸ ਗ਼ਲਤੀ ਕਰਕੇ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਉਨ੍ਹਾਂ ਸਮੇਤ ਸਮੁੱਚੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਤੋਂ ਮਾਫ਼ੀ ਮੰਗਦਾ ਹਾਂ।' ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਰੋਪੜ ਹਲਕੇ ਸਮੇਤ ਪੂਰੇ ਪੰਜਾਬ ਲਈ ਕੁੱਝ ਨਹੀਂ ਕੀਤਾ, ਉਲਟਾ ਬਾਦਲਾਂ ਦੀ ਰਾਹ 'ਤੇ ਚੱਲਦਿਆਂ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਮੋਦੀ ਦੋਵੇਂ ਹੀ ਕਿਸਾਨ ਵਿਰੋਧੀ ਹਨ, ਦੋਵਾਂ ਦੀ ਮਿਲੀਭੁਗਤ ਕਰਕੇ ਹੀ ਅੱਜ ਪੰਜਾਬ ਸਮੇਤ ਪੂਰੇ ਦੇਸ਼ ਦੀ ਕਿਸਾਨੀ ਦੀ ਹੋਂਦ ਹੀ ਖ਼ਤਰੇ 'ਚ ਪੈ ਗਈ ਹੈ। ਅਜਿਹੇ ਨਾਜ਼ੁਕ ਹਲਾਤ 'ਚ ਜਦੋਂ ਅਰਵਿੰਦ ਕੇਜਰੀਵਾਲ ਡਟ ਕੇ ਕਿਸਾਨਾਂ ਨਾਲ ਖੜ੍ਹੇ ਹੋਏ ਹਨ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਸੇਵਾਦਾਰ ਵਜੋਂ ਕੰਮ ਕਰ ਰਹੇ ਹਨ ਤਾਂ ਮੇਰੇ ਸਮੇਤ ਹਰ ਕੋਈ ਉਨ੍ਹਾਂ (ਕੇਜਰੀਵਾਲ) ਤੋਂ ਪ੍ਰਭਾਵਿਤ ਹੈ।

Posted By: Seema Anand