ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਵਿਰੋਧੀਆਂ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਸਪਲਾਈ ਕਰਨ ਤੇ ਫਤਿਹ ਕਿੱਟਾਂ ਦੀ ਖ਼ਰੀਦ ਕਰਨ ਦੇ ਸਬੰਧ ਵਿਚ ਲਾਏ ਗਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਤੋਂ ਮੁਨਾਫਾ ਕਮਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਸਰਕਾਰ ਤਾਂ ਲੋਕਾਂ ਦੀਆਂ ਕੀਮਤੀ ਜ਼ਿੰਦਗੀਆਂ ਬਚਾਉਣ ਲਈ ਸਖ਼ਤ ਲੜਾਈ ਲੜ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਬੇਵਜ੍ਹਾ ਹੋ-ਹੱਲਾ ਕਰ ਰਹੀਆਂ ਹਨ। ਕਥਿਤ ਘੁਟਾਲਿਆਂ ਬਾਰੇ ਮੀਡੀਆ ਰਿਪੋਰਟਾਂ ਸਨਸਨੀਖੇਜ਼ ਤੋਂ ਵੱਧ ਕੁਝ ਵੀ ਨਹੀਂ। ਕੈਪਟਨ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ’ਤੇ ਉਹ ਆਪਣੇ ਅਧਿਕਾਰੀਆਂ ਨਾਲ 100 ਫ਼ੀਸਦੀ ਖੜ੍ਹੇ ਹਨ। ਮੁੱਖ ਮੰਤਰੀ ਨੇ ਅਕਾਲੀ ਦਲ ਵੱਲੋਂ ਕੋਵਿਡ ਦੇ ਸੁਰੱਖਿਆ ਉਪਾਵਾਂ ਤੇ ਬੰਦਿਸ਼ਾਂ ਦੀ ਉਲੰਘਣਾ ਕਰ ਕੇ ਸੂਬਾ ਸਰਕਾਰ ਵਿਰੁੱਧ ਵੱਡੇ ਪੱਧਰ ਉੱਤੇ ਕੀਤੇ ਜਾ ਰਹੇ ਇਕੱਠਾਂ ਦਾ ਗੰਭੀਰ ਨੋਟਿਸ ਲਿਆ।

ਮੁੱਖ ਮੰਤਰੀ ਨੇ ਕਿਹਾ, ‘‘ਸੁਖਬੀਰ ਨੂੰ ਹਰੇਕ ਥਾਂ ਘੁਟਾਲੇ ਦਿਸਦੇ ਹਨ ਕਿਉਂਜੋ ਉਨ੍ਹਾਂ ਦੀ ਸੱਤਾ ਵੇਲੇ ਸਰਕਾਰ ਹਰੇਕ ਤਰ੍ਹਾਂ ਦੇ ਘੁਟਾਲਿਆਂ ਨਾਲ ਘਿਰੀ ਹੋਈ ਸੀ’’। ਕੁਝ ਨਿੱਜੀ ਹਸਪਤਾਲਾਂ ਨੂੰ 40000 ਵਾਧੂ ਖੁਰਾਕਾਂ ਮੁਹੱਈਆ ਕਰਵਾਉਣਾ ਇਕ-ਸਮੇਂ ਦਾ ਉਪਾਅ ਸੀ ਤਾਂ ਜੋ 18-45 ਉਮਰ-ਵਰਗ ਵਿਚ ਗ਼ੈਰ-ਤਰਜੀਹੀ ਸਮੂਹਾਂ ਨੂੰ ਟੀਕਾਕਰਨ ਕਰਵਾਉਣ ਦੇ ਕੁਝ ਬਦਲ ਦਿੱਤੇ ਜਾ ਸਕਣ। ਹਸਪਤਾਲਾਂ ਨੂੰ ਉਸੇ ਕੀਮਤ ’ਤੇ ਟੀਕੇ ਦਿੱਤੇ ਗਏ ਜਿਸ ਕੀਮਤ ’ਤੇ ਉਨ੍ਹਾਂ ਨੇ ਨਿਰਮਾਤਾਵਾਂ ਤੋਂ ਖਰੀਦਣੇ ਸਨ।

ਇਹ ਫੈਸਲਾ ਲਿਆ ਇਸ ਕਰ ਕੇ ਲਿਆ ਗਿਆ ਸੀ ਕਿਉਂਕਿ ਸ਼ੁਰੂ ਵਿਚ ਪੰਜਾਬ ਵਿਚ ਸਿਰਫ ਦੋ ਪ੍ਰਾਈਵੇਟ ਹਸਪਤਾਲ ਸਨ ਜੋ ਕੇਂਦਰ ਸਰਕਾਰ ਵੱਲੋਂ ਰਾਖਵੇਂ 25 ਫੀਸਦੀ ਕੋਟੇ ਵਿੱਚੋਂ ਟੀਕੇ ਖਰੀਦਣ ਵਿਚ ਕਾਮਯਾਬ ਰਹੇ ਸਨ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੇ ਹੋਰਾਂ ਨੂੰ ਤੁਰੰਤ ਟੀਕਾਕਰਨ ਦੀ ਜ਼ਰੂਰਤ ਸੀ ਤੇ ਉਹ ਭੁਗਤਾਨ ਕਰਨ ਲਈ ਤਿਆਰ ਸਨ, ਇਸ ਲਈ ਰਾਜ ਸਰਕਾਰ ਨੇ ਹੰਗਾਮੀ ਉਪਾਅ ਵਜੋਂ ਇਹ ਟੀਕੇ ਨਿੱਜੀ ਹਸਪਤਾਲਾਂ ਵਿਚ ਉਪਲਬਧ ਕਰਾਉਣ ਦਾ ਫੈਸਲਾ ਕੀਤਾ ਸੀ। ਸੂਬਾ ਸਰਕਾਰ ਨੇ ਇਸ ਵੇਲੇ 7475 ਫਤਹਿ ਕਿੱਟਾਂ ਵੰਡੀਆਂ ਹਨ ਜਿਸ ਵਿੱਚ ਮੌਜੂਦਾ ਸਮੇਂ ਘਰੇਲੂ ਇਕਾਂਤਵਾਸ ਅਧੀਨ ਸਰਗਰਮ ਕੇਸਾਂ ਵਿਚੋਂ 80.92 ਫੀਸਦੀ ਨੂੰ ਕਵਰ ਕੀਤਾ ਗਿਆ ਹੈ।