ਕੈਲਾਸ਼ ਨਾਥ, ਚੰਡੀਗੜ੍ਹ : ਇਹ ਲਗਪਗ ਸਾਫ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਕਾਂਗਰਸ ਦੇ ਕਪਤਾਨ ਰਹਿਣਗੇ, ਪਰ ਹਾਈਕਮਾਨ ਨੇ ਉਨ੍ਹਾਂ ਲਈ ਚੁਣੌਤੀਆਂ ਵੀ ਵਧਾ ਦਿੱਤੀਆਂ ਹਨ। ਹਾਈਕਮਾਨ ਵੱਲੋਂ ਉਨ੍ਹਾਂ ਨੂੰ ਸਖ਼ਤ ‘ਹੋਮਵਰਕ’ ਦਿੱਤਾ ਗਿਆ ਹੈ। ਦੂਜੇ ਪਾਸੇ, ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ‘ਸੀਜ਼ਫਾਇਰ’ ਕਰਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਸਿੱਧੂ ਨੂੰ ਵੀ ਆਲਾਕਮਾਨ ਐਡਜਸਟ ਕਰੇਗੀ ਤੇ ਕੋਸ਼ਿਸ਼ ਹੈ ਕਿ ਇਸ ਨਾਲ ਸਿੱਧੂ ਸੰਤੁਸ਼ਟ ਹੋਣ।

ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੁੰ ਖ਼ਤਮ ਕਰਨ ਲਈ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 18 ਨੁਕਤੇ ਭੇਜੇ ਹਨ। ਇਨ੍ਹਾਂ 18 ਨੁਕਤਿਆਂ ਵਿਚ ਸਭ ਤੋਂ ਅਹਿਮ ਹੈ ਹਰ ਘਰ ਨੂੰ 200 ਯੂਨਿਟ ਤਕ ਮੁਫ਼ਤ ਬਿਜਲੀ ਦੀ ਸਪਲਾਈ। ਕਾਂਗਰਸ ਹਾਈ ਕਮਾਨ ਵੱਲੋਂ ਬਣਾਈ ਖੜਗੇ ਕਮੇਟੀ ਨੇ ਮੰਤਰੀਆਂ, ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨਾਲ ਗੱਲਬਾਤ ਕਰ ਕੇ ਜੋ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪੀ ਹੈ, ਦੇ ਅਧਾਰ 'ਤੇ 18 ਨੁਕਤੇ ਤਿਆਰ ਕੀਤੇ ਗਏ ਹਨ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ 90 ਫ਼ੀਸਦ ਵਾਅਦੇ ਨਿਭਾਅ ਦਿੱਤੇ ਹਨ ਪਰ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਜਨ-ਕਲਿਆਣ ਦੇ ਹੋਰ ਮੁੱਦੇ ਸਾਹਮਣੇ ਆਏ। ਇਹ ਸਾਰੇ ਕੰਮ ਮੁਕੰਮਲ ਕਰਨ ਲਈ ਪਾਰਟੀ ਨੂੰ ਕਿਹਾ ਹੈ। ਬੇਅਦਬੀ ਤੇ ਨਸ਼ਿਆਂ ਦੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੁੱਦਿਆਂ ਨੂੰ ਇਕ ਫ਼ੀਸਦ ਜਾਂ ਦਸ ਫ਼ੀਸਦ ਮੁਤਾਬਕ ਨਹੀਂ ਤੋਲਿਆ ਜਾ ਸਕਦਾ, ਇਹ ਭਾਵਨਾਤਮਕ ਮੁੱਦਾ ਹੈ ਤੇ ਹੱਲ ਕਰਨੇ ਪੈਣਗੇ।

ਸੂਬੇ ਵਿਚ ਘਰੇਲੂ ਸੈਕਟਰ ਦੀ ਮਹਿੰਗੀ ਬਿਜਲੀ ਪਿਛਲੇ ਲੰਮੇਂ ਸਮੇਂ ਤੋਂ ਵੱਡਾ ਮੁੱਦਾ ਬਣੀ ਹੋਈ ਹੈ, ਜਿਸ ਨੂੰ ਲੈ ਕੇ ਸ਼ਹਿਰੀ ਵਰਗ ਵਿਚ ਰੋਸ ਹੈ। 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਮ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਬਿਜਲੀ ਸਮਝੌਤੇ ਰੱਦ ਕਰ ਕੇ ਲੋਕਾਂ ਨੂੰ ਰਾਹਤ ਦੇਵੇਗੀ ਪਰ ਸੱਤਾ ਵਿਚ ਆਉਣ ਪਿੱਛੋਂ ਕੈਪਟਨ ਸਰਕਾਰ ਨੇ ਇਹ ਕਦਮ ਨਹੀਂ ਚੁੱਕੇ ਬਲਕਿ ਆਖ ਦਿੱਤਾ ਸੀ ਕਿ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਓਧਰ ਆਮ ਆਦਮੀ ਪਾਰਟੀ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਵੀ ਮਹਿੰਗੀ ਬਿਜਲੀ ਨੂੰ ਮੁੱਦਾ ਬਣਾਇਆ ਹੋਇਆ ਹੈ। ਕਾਂਗਰਸ ਦੇ ਮੈਨੀਫੈਸਟੋ ਵਿਚ ਸਿਰਫ਼ ਅਨੂਸੂਚਿਤ ਜਾਤੀਆਂ, ਪੱਛੜਿਆਂ ਤੇ ਆਜ਼ਾਦੀ ਘੁਲਾਟੀਆਂ ਨੂੰ 300 ਯੂਨਿਟ ਤਕ ਬਿਜਲੀ ਮੁਫ਼ਤ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਕਾਂਗਰਸ ਦਾ ਕਲੇਸ਼ ਸ਼ਾਂਤ ਕਰਨ ਲਈ ਬਣਾਈ ਗਈ ਕਮੇਟੀ ਦੇ ਸਾਹਮਣੇ ਵਿਧਾਇਕਾਂ ਨੇ ਮਹਿੰਗੀ ਬਿਜਲੀ ਦਾ ਮੁੱਦਾ ਵੀ ਚੁੱਕਿਆ। ਇਸ ਤੋਂ ਇਲਾਵਾ ਚੁੱਕੇ ਗਏ ਹੋਰਨਾਂ ਮੁੱਦਿਆਂ ਦੀ ਬਿਨਾਅ 'ਤੇ ਜਿਨ੍ਹਾਂ 18 ਮੁੱਦਿਆਂ ਦੀ ਸੂਚੀ ਭੇਜੀ ਗਈ ਹੈ, ਉਨ੍ਹਾਂ ਵਿਚ ਸਾਰੇ ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਫ੍ਰੀ ਦੇਣ ਦਾ ਮਾਮਲਾ ਹੈ। ਕਾਂਗਰਸ ਵੱਲੋਂ ਗਠਿਤ ਕਮੇਟੀ ਜਿਸ ਦੀ ਪ੍ਰਧਾਨਗੀ ਮਲਿਕਾਅਰਜਨ ਖੜਗੇ ਕਰ ਰਹੇ ਹਨ, ਨੇ ਬੁੱਧਵਾਰ ਨੂੰ ਕੈਪਟਨ ਨੂੰ ਇਹ ਨੁਕਤੇ ਦੇ ਦਿੱਤੇ ਹਨ।

ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਇਸ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ 18 ਪੁਆਇੰਟ ਤੈਅ ਸਮਾਂ-ਹੱਦ ਤਕ ਪੂਰੇ ਕਰਨਗੇ ਤੇ ਇਸ ਬਾਰੇ ਜਾਣਕਾਰੀ ਦੇਣੀ ਪਵੇਗੀ। ਇਸੇ ਦੌਰਾਨ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਸੂਬਾ ਇੰਚਾਰਜ ਹਰੀਸ਼ ਰਾਵਤ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਪਾਰਟੀ ਹਾਈਕਮਾਨ ਨੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਗੰਭੀਰ ਨੋਟਿਸ ਲਿਆ ਹੈ। ਇਸੇ ਦਾ ਨਤੀਜਾ ਹੈ ਕਿ ਫ਼ਤਿਹਜੰਗ ਬਾਜਵਾ ਨੇ ਤਾਂ ਪੁੱਤਰ ਨੂੁੰ ਇੰਸਪੈਕਟਰ ਨਾ ਲਾਉਣ ਦਾ ਫ਼ੈਸਲਾ ਲਿਆ ਹੈ। ਉਥੇ ਰਾਕੇਸ਼ ਪਾਂਡੇ ਵੀ ਪੁੱਤਰ ਲਈ ਨਾਇਬ ਤਹਿਸੀਲਦਾਰ ਦੀ ਨੌਕਰੀ ਠੁਕਰਾ ਸਕਦੇ ਹਨ।

ਹਾਈ ਕਮਾਂਡ ਨੇ ਸਿੱਧੂ ਨੂੰ ਸੱਦਿਆ : ਰਾਵਤ

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਨੂੰ ਹਾਈ ਕਮਾਂਡ ਨੇ ਦਿੱਲੀ ਸੱਦਿਆ ਹੈ। ਕਈ ਅਜਿਹੀਆਂ ਗੱਲਾਂ ਹਨ, ਜਿਹੜੀਆਂ ਉਨ੍ਹਾਂ ਨਾਲ ਹੀ ਕਰਨੀਆਂ ਹਨ। ਰਾਵਤ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਸਿੱਧੂ ਇਸ ਦੌਰਾਨ ਰਾਹੁਲ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਉਨ੍ਹਾਂ ਨੇ ਇਹ ਜ਼ਰੂਰ ਆਖਿਆ ਹੈ ਕਿ 2022 ਦੀਆਂ ਚੋਣਾਂ ਕਿਸ ਦੇ ਚਿਹਰੇ ਨੂੰ ਅੱਗੇ ਕਰ ਕੇ ਲੜੀਆਂ ਜਾਣੀਆਂ ਹਨ, ਬਾਰੇ ਫ਼ੈਸਲਾ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਰਨਾ ਹੈ।