ਸਟੇਟ ਬਿਊਰੋ, ਚੰਡੀਗੜ੍ਹ : ਜੇੇਲ੍ਹਾਂ 'ਚ ਕੈਦੀਆਂ ਦੀ ਨਿਗਰਾਨੀ ਲਈ ਜੇਲ੍ਹ ਵਿਭਾਗ ਨਵੀਂ ਤਕਨੀਕ ਅਪਣਾਉਣ ਦੀ ਤਿਆਰੀ 'ਚ ਹੈ। ਇਸੇ ਤਹਿਤ ਜੇਲ੍ਹਾਂ 'ਚ ਸੈਂਸਰ, ਅਲਾਰਮ ਸਿਸਟਮ ਤੇ ਸੀਸੀਟੀਵੀ ਕੈਮਰਿਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਹ ਗੱਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ੍ਹਾਂ ਦੀ ਸੁਰੱਖਿਆ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਬੈਠਕ ਦੌਰਾਨ ਕਹੀ।

ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਨਵੀਂਆਂ ਤਕਨੀਕਾਂ ਨੂੰ ਅਪਣਾਇਆ ਜਾਵੇ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਦੌਰਾਨ ਜੇਲ੍ਹ ਵਿਭਾਗ ਵੱਲੋਂ ਉੱਤਰ ਪ੍ਰਦੇਸ਼ ਦੀਆਂ 70 ਜੇਲ੍ਹਾਂ ਦੀ ਸੁਰੱਖਿਆ ਲਈ ਇਕ ਨਿੱਜੀ ਫਰਮ ਵੱਲੋਂ ਅਪਣਾਏ ਗਏ ਤਰੀਕੇ ਦੀ ਪੇਸ਼ਕਾਰੀ ਵੀ ਜੇਲ੍ਹ ਮੰਤਰੀ ਨੂੰ ਦਿਖਾਈ ਗਈ। ਇਸ 'ਚ ਦਿਖਾਇਆ ਗਿਆ ਕਿ ਜੇਲ੍ਹਾਂ 'ਚ ਸੀਸੀਟੀਵੀ ਕੈਮਰਿਆਂ ਰਾਹੀਂ ਗ਼ੈਰ ਸਮਾਜੀ ਅਨਸਰਾਂ ਵੱਲੋਂ ਕਿਸੇ ਵੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਤਿਆਰੀ 'ਤੇ ਨਜ਼ਰ ਰੱਖਦਿਆਂ ਜੇਲ੍ਹ ਵਿਭਾਗ ਪਹਿਲਾਂ ਤੋਂ ਹੀ ਚੌਕਸ ਹੋ ਸਕਦਾ ਹੈ। ਇਨਫਰਾਰੈੱਡ ਰੈਡੀਏਸ਼ਨ ਦੇ ਆਧਾਰ 'ਤੇ ਬਣੇ ਇਸ ਸਿਸਟਮ ਰਾਹੀਂ ਕੈਦੀਆਂ ਦੀਆਂ ਸਰੀਰਕ ਗਤੀਵਿਧੀਆਂ ਦਾ ਪਹਿਲਾਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕੋਈ ਹਿੰਸਕ ਕਾਰਵਾਈ ਕਰਨ ਜਾ ਰਹੇ ਹਨ ਜੋ ਕਿ ਚੌਕਸੀ ਦੇ ਲਿਹਾਜ਼ ਨਾਲ ਬਹੁਤ ਵਧੀਆ ਤਕਨੀਕ ਹੈ।

ਰੰਧਾਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਲ੍ਹ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਬਿਹਤਰ ਤਾਲਮੇਲ ਰਾਹੀਂ ਜੇਲ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਜੇਲ੍ਹਾਂ 'ਚ ਮੁਲਾਕਾਤ ਵਾਲੀ ਜਗ੍ਹਾ ਦੀ ਸੁਰੱਖਿਆ ਪੰਜਾਬ ਪੁਲਿਸ ਵੱਲੋਂ ਕੀਤੀ ਜਾਵੇਗੀ ਜਦਕਿ ਅੰਦਰੂਨੀ ਬੈਰਕਾਂ ਤੇ ਜੇਲ੍ਹਾਂ ਦੀਆਂ ਅੰਦਰੂਨੀ ਦੀਵਾਰਾਂ ਦੀ ਸੁਰੱਖਿਆ ਜੇਲ੍ਹ ਪ੍ਰਸ਼ਾਸਲ ਵੱਲੋਂ ਕੀਤੀ ਜਾਵੇਗੀ। ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ ਹੀ ਹਰਿਆ-ਭਰਿਆ ਵੀ ਬਣਾਇਆ ਜਾਵੇ। ਜੇਲ੍ਹਾਂ 'ਚ ਫ਼ਲਦਾਰ ਪੌਦੇ ਲਾ ਕੇ ਇਨ੍ਹਾਂ ਦੀ ਸੰਭਾਲ ਵੀ ਕੈਦੀਆਂ ਕੋਲੋਂ ਕਰਵਾਈ ਜਾਵੇ। ਇਸ ਬੈਠਕ 'ਚ ਜੇਲ੍ਹ ਵਿਭਾਗ ਦੇ ਮੁੱਖ ਸਕੱਤਰ ਸ਼ੰਕਰ ਸਰੋਜ, ਏਡੀਜੀਪੀ ਕੁਲਦੀਪ ਸਿੰਘ, ਆਈਜੀ ਆਰਕੇ ਅਰੋੜਾ ਤੇ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਡਾ. ਮਨਮੋਹਨ ਵੀ ਹਾਜ਼ਰ ਸਨ।

'ਪੰਜਾਬੀ ਜਾਗਰਣ' ਨੇ ਪ੍ਰਮੁੱਖਤਾ ਨਾਲ ਉਭਾਰਿਆ ਸੀ ਮੁੱਦਾ

ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜੇਲ੍ਹਾਂ 'ਚ ਪ੍ਰਬੰਧਾਂ ਦੀ ਘਾਟ ਦਾ ਮੁੱਦਾ 'ਪੰਜਾਬੀ ਜਾਗਰਣ' ਵੱਲੋਂ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਗਿਆ ਸੀ। ਜੇਲ੍ਹਾਂ 'ਚ ਸੁਰੱਖਿਆ ਪ੍ਰਬੰਧ ਪੁਖਤਾ ਨਾ ਹੋਣ ਕਾਰਨ ਕਈ ਤਰ੍ਹਾਂ ਦੀਆਂ ਵੱਡੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ।