ਸੁਖਵਿੰਦਰਜੀਤ ਸਿੰਘ ਮਨੌਲੀ, ਐੱਸਏਐੱਸ ਨਗਰ : ਅੰਤਰਰਾਸ਼ਟਰੀ ਪੁਆਧੀ ਮੰਚ ਵਲੋਂ ਅੱਜ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਦੇ 'ਚ ਮੋਹਾਲੀ ਵਿਖੇ ਮਨੁੱਖੀ ਚੇਨ ਬਣਾ ਕੇ ਕਿਸਾਨਾਂ-ਮਜ਼ਦੂਰਾਂ ਦੇ ਝੰਡਿਆਂ ਨਾਲ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਹੋਏ ਇਸ ਪ੍ਰਦਰਸ਼ਨ 'ਚ ਸ਼ਹਿਰ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਇਸ ਮੌਕੇ ਸਾਰੇ ਹੀ ਕਿਸਾਨ-ਮਜ਼ਦੂਰਾਂ ਸਮਰਥਕਾਂ ਦੇ ਹੱਥਾਂ 'ਚ ਕਿਸਾਨਾਂ ਵਾਲੇ ਝੰਡੇ ਫੜੇ ਹੋਏ ਸਨ ਅਤੇ ਉਹ ਇਹ ਸੜਕਾਂ ਦੇ ਕਿਨਾਰਿਆਂ 'ਤੇ ਖੜ੍ਹੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਸਨ।

ਇਸ ਮੌਕੇ ਪੁਆਧੀ ਮੰਚ ਵਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਆਵਾਜਾਈ ਨੂੰ ਨਹੀਂ ਰੋਕਿਆ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਆਉਣ ਦਿੱਤੀ ਜਾਵੇਗੀ। ਸਾਰੇ ਪ੍ਰਦਰਸ਼ਨਕਾਰੀਆਂ ਨੇ ਇਸ 'ਤੇ ਪਹਿਰਾ ਦੇਂਦੇ ਹੋਏ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ ਦੀ ਸਫ਼ਲਤਾ ਲਈ ਕਾਮਨਾ ਕੀਤੀ।

ਇਸ ਮੌਕੇ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਪ੍ਰਮੁੱਖ ਅਹੁਦੇਦਾਰਾਂ ਪਰਮਜੀਤ ਕੌਰ ਲਾਂਡਰਾਂ ਐਡਵੋਕੇਟ, ਡਾ. ਕਰਮਜੀਤ ਸਿੰਘ, ਹਰਦੀਪ ਸਿੰਘ ਬਠਲਾਣਾ, ਗੁਰਪ੍ਰਰੀਤ ਸਿੰਘ, ਗੁਰਮੀਤ ਸਿੰਘ ਬੈਦਵਾਣ ਅਤੇ ਿਫ਼ਲਮੀ ਅਦਾਕਾਰਾ ਮੋਹਣੀ ਤੂਰ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਪੁਆਧੀ ਮੰਚ ਵਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਸੋਹਾਣਾ, ਸੈਕਟਰ-70, ਫੇਜ਼-7 ਅਤੇ ਸ਼ਹਿਰ ਦੇ ਹੋਰ ਕਈ ਹਿੱਸਿਆਂ ਤੋਂ ਵੱਡੀ ਗਿਣਤੀ 'ਚ ਹਮਦਰਦੀ ਲੋਕਾਂ ਵਲੋਂ ਕਿਸਾਨ-ਮਜ਼ਦੂਰਾਂ ਦੇ ਸੰਘਰਸ਼ 'ਚ ਸ਼ਾਮਲ ਹੋਣ ਦਾ ਜੱਸ ਖੱਟਿਆ ਗਿਆ।