ਜੇ ਐੱਸ ਕਲੇਰ, ਜ਼ੀਰਕਪੁਰ : ਬੀਤੇ ਕਲ ਢਕੌਲੀ ਖੇਤਰ 'ਚ ਫੁੱਟੇ ਕੋਰੋਨਾ ਬੰਬ ਤੋਂ ਬਾਅਦ ਦੇਰ ਰਾਤ ਪੂਰੇ ਢਕੌਲੀ ਪੁਲਿਸ ਥਾਣਾ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨਣ ਤੋਂ ਬਾਅਦ ਪ੍ਰਸ਼ਾਸਨ ਸਿਰਫ ਦਵਾਈਆਂ ਅਤੇ ਜ਼ਰੂਰੀ ਵਸਤਾਂ ਦੀਆ ਹੀ ਦੁਕਾਨਾ ਖੋਲ੍ਹਣ ਦੇ ਹੁਕਮਾਂ 'ਤੇ ਦੁਕਾਨਦਾਰ ਭਾਈਚਾਰੇ 'ਚ ਰੋਸ ਨਜ਼ਰ ਆਇਆ। ਜਿਨ੍ਹਾਂ ਵੱਲੋਂ ਢਕੌਲੀ ਥਾਣੇ ਅੱਗੇ ਰੋਸ ਪਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਕਰਿਫ਼ਊ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹੈ, ਜਦੋਂ ਕਿ ਜ਼ਰੂਰੀ ਵਸਤੂਆਂ ਲਈ ਦੁਕਾਨਾਂ ਬੰਦ ਨੇ, ਇਸ ਮਸਲੇ ਨੂੰ ਲੈ ਉਨ੍ਹਾਂ 'ਚ ਰੋਸ ਹੈ। ਉਨ੍ਹਾਂ ਕਿਹਾ ਕਿ ਆਮ ਦੁਕਾਨਦਾਰ ਤੇ ਪੁਲਿਸ ਤੁਰੰਤ ਕਾਰਵਾਈ ਕਰ ਦਿੰਦੀ ਹੈ। ਸ਼ਰਾਬ ਦੇ ਠੇਕੇਦਾਰਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ, ਠੇਕੇ ਸ਼ਰ੍ਹੇਆਮ ਦੇਰ ਰਾਤ ਤੱਕ ਖੁਲ੍ਹੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਿਉਂਕਿ ਸ਼ਰਾਬ ਦੇ ਠੇਕੇਦਾਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਆਪਸ 'ਚ ਮਿਲੀ ਹੋਈ ਹੈ, ਸਾਰੇ ਮਿਲਕੇ ਆਪਣੀ ਜੇਬ ਭਰਨ 'ਚ ਲੱਗੇ ਹੋਏ ਹਨ। ਦੁਕਾਨਦਾਰਾਂ ਨੇ ਕਿਹਾ ਕਿ ਮੱਧ ਵਰਗੀ ਪਰਿਵਾਰ ਜੋ ਸ਼ਹਿਰ ਦੇ ਅੰਦਰ ਰਹਿ ਕੇ ਛੋਟੀਆਂ ਕਰਿਆਨਾ, ਮਨਿਆਰੀ ਦੀ ਦੁਕਾਨਾਂ ਚਲਾਉਂਦੇ ਜਾਂ ਪਿੰਡਾਂ ਅੰਦਰ ਦੁੱਧ ਪਾਉਣ, ਗੱਡੀਆਂ ਦੇ ਡਰਾਈਵਰ ਆਦਿ ਵਰਗੇ ਛੋਟੇ ਮੋਟੇ ਕੰਮ ਅਤੇ ਕੱਪੜੇ ਦੀ ਦੁਕਾਨ, ਫੋਟੋਗ੍ਰਾਫਰ, ਹੇਅਰ ਕਟਿੰਗ, ਕੰਪਿਊਟਰ ਤੇ ਮੋਬਾਇਲ ਰਿਪੇਅਰ ਰੈਡੀਮੇਡ ਗਾਰਮੈਂਟਸ, ਟੇਲਰ ਮਾਸਟਰ ਆਦਿ ਦੀਆਂ ਦੁਕਾਨਾਂ 'ਤੇ ਪਹਿਲਾਂ ਹੀ ਕੰਮ ਬੰਦ ਰਹਿਣ ਕਾਰਨ ਇਥੇ ਕੰਮ ਕਰਦੇ ਕਾਮੇ ਆਰਥਿਕ ਮੰਦਹਾਲੀ ਵੱਲ ਧੱਕੇ ਜ਼ਾ ਚੁੱਕੇ ਹਨ ਤੇ ਹੁਣ ਕੰਟਨਮੈਂਟ ਜੋਨ ਦੇ ਨਾਮ 'ਤੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾ ਕੇ ਉਨ੍ਹਾਂ ਨੂੰ ਹੋਰ ਆਰਥਿਕ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਘਰਾਂ ਦਾ ਗੁਜ਼ਾਰਾ ਚਲਾਉਣ ਉਹ ਇਧਰੋ ਪੈਸੇ ਫੜ ਕੇ ਮੁਸ਼ਕਿਲ ਨਾਲ ਡੰਗ ਸਾਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਅਤੇ ਕੋਈ ਵੀ ਹੋਰ ਲੋਕ ਭਲਾਈ ਦੀਆਂ ਸਹੂਲਤਾਂ ਨਹੀਂ ਮਿਲ ਰਹੀ। ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਹੀ ਤਰਸਯੋਗ ਬਣੀ ਹੋਈ ਹੈ ਤੇ ਕੰਟਨਮੈਂਟ ਜੋਨ ਬਣਾਏ ਜਾਣ ਕਰਕੇ ਲਗਾਏ ਗਏ ਕਰਫਿਊ ਕਾਰਨ ਉਨ੍ਹਾਂ ਦੀਆਂ ਸਮੱਸਿਆਵਾਂ 'ਚ ਹੋਰ ਵਾਧਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਦਕਾਨਾਂ ਦੇ ਕਿਰਾਏ ਦੇਣ, ਬਿਜਲੀ ਦੇ ਬਿੱਲ ਭਰਨ, ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ 'ਤੇ ਹੋ ਰਿਹਾ ਖਰਚਾ ਵੀ ਸਤਾ ਰਿਹਾ ਹੈ ਕਿਉਂਕਿ ਪ੍ਰਰਾਈਵੇਟ ਸਕੂਲਾਂ ਵਾਲੇ ਜਲਦੀ ਟਿਊਸ਼ਨ ਫੀਸਾਂ ਭਰਨ ਤੇ ਕਿਤਾਬਾਂ ਖਰੀਦਣ ਲਈ ਕਹਿ ਰਹੇ ਹਨ ਅਜਿਹੇ 'ਚ ਉਹ ਕਰਨ ਤਾਂ ਕੀ ਕਰਨ। ਇਸ ਮੌਕੇ ਮੰਦੀਪ ਸਿੰਘ, ਦਵਿੰਦਰ ਸਿੰਘ, ਪੌਲ, ਸੁਖਦੀਪ ਸਿੰਘ, ਮਨਜੀਤ ਸਿੰਘ, ਮਨਪ੍ਰਰੀਤ ਸਿੰਘ, ਸੁਖਵੀਰ ਸਿੰਘ ਸਮੇਤ ਦਰਜਨਾਂ ਦੁਕਾਨਦਾਰ ਮੌਜੂਦ ਸਨ।

ਇਸ ਸੰਬੰਧੀ ਏਡੀਸੀ ਮੋਹਾਲੀ ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਇਸ ਕੋਰੋਨਾ ਚੇਨ ਨੂੰ ਤੋੜਨ ਲਈ ਗੰਭੀਰ ਹੈ। ਜਿਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਵੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਪ੍ਰਰੇਸ਼ਾਨ ਕਰਨਾ ਨਹੀ ਹੈ ਪਰ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਲਈ ਸਖਤ ਫੈਸਲੇ ਲਏ ਜਾ ਸਕਦੇ ਹਨ। ਦੁਕਾਨਦਾਰਾਂ ਵਲੋਂ ਕੀਤੇ ਪ੍ਰਦਰਸ਼ਨ ਤੇ ਉਨ੍ਹਾਂ ਕਿਹਾ ਕਿ ਫਿਲਹਾਲ ਖੇਤਰ 'ਚ ਸਿਰਫ ਜਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹਣ ਦਿੱਤੀਆਂ ਜਾਣਗੀਆਂ।