ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ ਦੇ ਰੂਪਨਗਰ ਕੌਮੀ ਮਾਰਗ 'ਤੇ ਸਥਿਤ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਦਾ ਦਿੜ੍ਹ ਨਿਸ਼ਚਾ ਕਰ ਕੇ ਭੁੱਖ ਹੜਤਾਲ 'ਤੇ ਬੈਠੇ ਸਮਾਜ ਸੇਵੀ ਆਗੂ ਰਣਜੀਤ ਸਿੰਘ ਕਾਕਾ ਮਾਰਸ਼ਲ ਅਤੇ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਦੇ ਨੌਜਵਾਨਾਂ ਦੀ ਭੁੱਖ ਹੜਤਾਲ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਸਵੇਰੇ 10 ਤੋਂ 4 ਵਜੇ ਤਕ ਭੁੱਖ ਹੜਤਾਲ 'ਤੇ ਬੈਠੇ ਕਾਕਾ ਮਾਰਸ਼ਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਉਨ੍ਹਾਂ ਦੇ ਸਮੇਤ ਯੂਥ ਆਗੂ ਵਿਕਰਮਜੀਤ ਸਿੰਘ ਵਿੱਕੀ ਚਨਾਲੋਂ, ਪੱਤਰਕਾਰ ਅਵਤਾਰ ਸਿੰਘ ਤਾਰੀ, ਉੱਘੇ ਲੇਖਕ ਅਮਨਦੀਪ ਸਿੰਘ ਆਜ਼ਾਦ ਭੁੱਖ ਹੜਤਾਲ ਤੇ ਕਰੀਬ 6 ਵਜੇ ਤਕ ਡਟੇ ਰਹੇ। ਸਮਾਜ ਸੇਵੀ ਆਗੂ ਤੇ ਪੱਤਰਕਾਰ ਰਣਜੀਤ ਸਿੰਘ ਕਾਕਾ ਨੇ ਦੱਸਿਆ ਕਿ ਸਥਾਨਕ ਸ਼ਹਿਰ ਅਤੇ ਆਸ ਪਾਸ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਹਸਪਤਾਲ ਨੂੰ ਅੱਪਗ੍ਰੇਡ ਕਰਨ ਦੀ ਮੰਗ ਨੂੰ ਲੈਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਪ੍ਰਤੀ ਨਜ਼ਰੀਆ ਜ਼ਿਆਦਾਤਰ ਹਾਂ ਪੱਖੀ ਹੈ ਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਪੂਰ ਸਹਿਯੋਗ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਜਾ ਰਹੀ ਹੈ।

ਮੁਜ਼ਾਹਰਾਕਾਰੀਆਂ ਨੇ ਦੱਸਿਆ ਕਿ ਸੰਘਰਸ਼ ਨੂੰ ਲੈਕੇ ਨੌਜਵਾਨਾਂ, ਬਜ਼ੁਰਗਾਂ ਤੇ ਮਹਿਲਾਵਾਂ 'ਚ ਵਧੇਰੇ ਉਤਸ਼ਾਹ ਤੇ ਸਮਰਥਨ ਮਿਲ ਰਿਹਾ ਹੈ। ਕਾਕਾ ਮਾਰਸ਼ਲ ਤੇ ਹੋਰਨਾਂ ਨੇ ਕਿਹਾ ਕਿ ਇਸ ਭੁੱਖ ਹੜਤਾਲ ਨਾਲ ਜੇਕਰ ਪੰਜਾਬ ਸਰਕਾਰ ਆਪਣੀ ਕੁੰਭ ਕਰਨੀ ਨੀਂਦ ਤੋਂ ਨਹੀਂ ਜਾਗਦੀ ਤਾਂ ਉਨ੍ਹਾਂ ਮਾਰਸ਼ਲ ਗਰੁੱਪ ਦੇ ਨਾਲ ਰਲ ਕੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਮਜਬੂਰ ਹੋਕੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ 'ਤੇ ਤਿੱਖਾ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰ ਸਰਕਾਰ ਦੀ ਹੋਵੇਗੀ। ਕਾਕਾ ਮਾਰਸ਼ਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ 72 ਘੰਟਿਆਂ ਅੰਦਰ ਪਿੰਡ-ਪਿੰਡ ਜਾ ਕੇ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ। ਰਣਜੀਤ ਸਿੰਘ ਕਾਕਾ ਦੀ ਅਗਵਾਈ ਹੇਠ ਭੁੱਖ ਹੜਤਾਲ 'ਤੇ ਬੈਠੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਨੂੰ 72 ਘੰਟਿਆ ਦੇ ਅੰਦਰ ਹਸਪਤਾਲ ਨੂੰ ਅੱਪਗ੍ਰੇਡ ਕਰਨ ਸੰਬਧੀ ਤੁਰੰਤ ਫੈਸਲਾ ਨਾ ਲੈਣ ਦੀ ਸੂਰਤ 'ਚ ਸੜਕਾਂ 'ਤੇ ਉਤਰਨ ਦਾ ਅਲਟੀਮੇਟਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਲੋਕਾਂ ਦੀ ਸਿਹਤ ਸਹੂਲਤਾਂ 'ਚ ਸਥਾਨਕ ਸਿਵਲ ਹਸਪਤਾਲ ਵਾਲੀਆਂ ਆਧੁਨਿਕ ਸਹੂਲਤਾਂ ਸਮੇਤ ਹਰ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਡਿਊਟੀਆਂ ਲਗਾਉਣ ਤੇ ਸਿਵਲ ਹਸਪਤਾਲ ਦਾ ਦਰਜ਼ਾ ਦੇਣ ਵੱਲ ਹਾਂ ਪੱਖੀ ਰਵੱਈਆ ਨਾ ਅਪਣਾਇਆ ਤਾਂ ਉਹ ਭੁੱਖ ਹੜਤਾਲ ਜਾਰੀ ਰੱਖਣ ਦੇ ਨਾਲ ਨਾਲ ਮਜਬੂਰ ਹੋਕੇ ਸੜਕਾਂ 'ਤੇ ਉਤਰ ਆਉਣਗੇ।

ਇਸ ਮੌਕੇ ਅੱਜ ਦੂਜੇ ਦਿਨ ਦੀ ਭੁੱਖ ਹੜਤਾਲ ਮੌਕੇ ਹੋਰਨਾਂ ਤੋਂ ਇਲਾਵਾ ਬਜ਼ੁਰਗ ਮਹਿਲਾ ਸ਼ੀਲਾ ਦੇਵੀ, ਸੁਰਿੰਦਰ ਸਿੰਘ ਲਹਿਲ ਨਗਲਗੜੀਆ, ਪ੍ਰਰੋ ਜਗਤਾਰ ਸਿੰਘ, ਮਨਜਿੰਦਰ ਸਿੰਘ ਸਾਬੀ, ਸੀਨੀਅਰ ਆਗੂ ਭਾਈ ਗੁੱਡੂ ਸਲੇਮਪੁਰ, ਗੁਰਜੀਤ ਸਿੰਘ ਲੱਕੀ ਚਨਾਲੋਂ,ਪ੍ਰਸਿੱਧ ਲੋਕ ਗਾਇਕ ਉਮੀਦਰ ਓਮਾ, ਅਮਨਦੀਪ ਸਿੰਘ ਗੋਲਡੀ ਧੀਮਾਨ ਮੁੱਲਾਪੁਰ, ਰਾਜਿੰਦਰਪਾਲ ਸਿੰਘ , ਅਮਨਦੀਪ ਸਿੰਘ ਗੋਲਡੀ ਅਕਾਲਗੜ੍ਹ ਆਦਿ ਹਾਜ਼ਰ ਸਨ।