ਜੇ ਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਵਿਖੇ ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਨ ਦੇ ਵਿਰੋਧ 'ਚ ਅੰਬਾਲਾ ਰੋਡ 'ਤੇ ਐੱਨਕੇ ਸ਼ਰਮਾ ਨੇ ਵਿਧਾਇਕ ਹਲਕਾ ਡੇਰਾਬੱਸੀ ਦੀ ਅਗਵਾਈ 'ਚ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ। ਇਸ ਰੋਸ ਧਰਨੇ 'ਚ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਨੇ ਭਾਗ ਲਿਆ। ਰੋਸ ਧਰਨੇ ਨੂੰ ਮਨਜੀਤ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਜ਼ਿਲ੍ਹਾ ਮੋਹਾਲੀ, ਕਿ੍ਸ਼ਨਪਾਲ ਸ਼ਰਮਾ ਸਾਬਕਾ ਚੇਅਰਮੈਨ ਪਲਾਨਿੰਗ ਬੋਰਡ ਮੋਹਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ ਉਨ੍ਹਾਂ ਆਖਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਨਹੀਂ ਲੈਂਦੀ, ਉਨ੍ਹਾਂ ਦਾ ਸ਼ੰਘਰਸ ਜਾਰੀ ਰਹੇਗਾ। ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਅਕਾਲੀ ਦਲ ਦੇ ਵਰਕਰ, ਕਿਸਾਨ ਜਥੇਬੰਦੀਆਂ ਅਤੇ ਵੱਖ-ਵੱਖ ਵਰਗਾਂ ਦੇ ਲੋਕ ਹਾਜ਼ਰ ਹੋਏ। ਜਿਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਇਸ ਬਿੱਲ ਨੂੰ ਵਾਪਸ ਲਏ ਜਾਣ ਮੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਕੇ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਤੇ ਉਹ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਲਈ ਸੰਘਰਸ਼ ਵਿੱਢ ਦਿੱਤਾ ਗਿਆ ਹੈ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾ ਕੇ ਰਹਾਂਗੇ।