ਇਕਬਾਲ ਸਿੰਘ, ਡੇਰਾਬਸੀ : ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ਼ ਐਂਡ ਹੈਲਪਰਜ਼ ਦੇ ਸੱਦੇ ਤੇ ਬਲਾਕ ਡੇਰਾਬਸੀ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਰੀਤ ਕੌਰ ਦੀ ਅਗਵਾਈ 'ਚ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੱਕ ਮੰਗ ਪੱਤਰ ਵਿਭਾਗ ਦੇ ਸੀਡੀਪੀਓ ਨੂੰ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਗੁਰਪ੍ਰਰੀਤ ਕੌਰ ਢੀਂਡਸਾ ਨੇ ਕਿਹਾ ਕੀ ਕੇਂਦਰ ਸਰਕਾਰ ਆਈਸੀਡੀਐੱਸ ਸਕੀਮ ਦੇ ਲਾਭਪਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਪ੍ਰਤੀ ਸੰਜੀਦਾ ਨਹੀਂ ਹੈ। ਮਹਾਂਮਾਰੀ ਦੇ ਦੌਰਾਨ ਕੁਝ ਰਾਜਾਂ 'ਚ ਆਂਗਨਵਾੜੀ ਕੇਂਦਰਾਂ ਉੱਤੇ ਨਿਊਟਰੇਸ਼ਲ ਲਈ ਕੇਂਦਰਾਂ 'ਚ ਰਸਦ ਮੁਹੱਈਆ ਨਹੀਂ ਕਰਵਾਈ ਗਈ। ਜਿਸ ਦਾ ਸਿੱਧਾ ਅਸਰ ਛੇ ਸਾਲਾਂ ਤਕ ਦੇ ਤਿੰਨ ਕਰੋੜ ਬੱਚਿਆਂ ਅਤੇ ਗਰਭਵਤੀ ਅੌਰਤਾਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਉੱਤੇ ਪਵੇਗਾ।

ਉਨ੍ਹਾਂ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਵੱਲੋਂ ਲਾਕਡਾਊਨ ਦੌਰਾਨ ਕੋਰੋਨਾ ਯੋਧਿਆਂ ਦੇ ਰੂਪ 'ਚ ਸੇਵਾਵਾਂ ਨਿਭਾਈਆਂ,ਪਰ ਉਨਾਂ ਲਈ ਬੁਨਿਆਦੀ ਸੁਰੱਖਿਆ ਜਿਵੇਂ ਮਾਸਕ, ਸੈਨੇਟਾਈਜ਼ਰ, ਸਾਬਣ, ਦਸਤਾਨੇ, ਪੀਪੀਈ ਕਿੱਟਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਨਾ ਹੀ ਉਨਾਂ ਨੂੰ ਕੋਰੋਨਾ ਰਿਕਵਰ ਬੀਮਾ ਸਕੀਮ 'ਚ ਸ਼ਾਮਿਲ ਕੀਤਾ ਗਿਆ ਹੈ। ਇਸ ਦੇ ਉਲਟ ਨਿੱਤ ਨਵੇਂ ਕੰਮਾਂ ਦੇ ਹੁਕਮ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਆਪਣੇ ਅਤੇ ਆਪਣੇ ਨਾਲ ਜੁੜੇ ਸਕੀਮ ਦੇ ਲਾਭਪਾਤਰੀਆਂ ਦੇ ਅਧਿਕਾਰਾਂ ਲਈ ਸਦਾ ਸੰਘਰਸ਼ ਦੇ ਮੈਦਾਨ 'ਚ ਰਹੀ ਹੈ। ਉਨਾਂ ਕਿਹਾ ਕਿ ਆਪਣੇ ਅਧਿਕਾਰਾਂ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੇ ਲਾਭਾਂ 'ਚ ਕਿਸੇ ਕਿਸਮ ਦੀ ਕਟੌਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਯੂਨੀਅਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕੋਵਿਡ-19 ਅਧੀਨ ਚੱਲ ਰਹੇ 50 ਲੱਖ ਦੇ ਬੀਮੇ 'ਚ ਆਂਗਨਵਾੜੀ ਵਰਕਰਾਂ ਨੂੰ ਸ਼ਾਮਿਲ ਕੀਤਾ ਜਾਵੇ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਇੱਕ ਮਹੀਨੇ ਲਈ 25000 ਰੁਪਏ ਦਾ ਵਾਧੂ ਕੋਵਿਡ-19 ਦਾ ਜ਼ੋਖ਼ਮ ਭੱਤਾ ਵੀ ਦਿੱਤਾ ਜਾਵੇ। ਆਂਗਨਵਾੜੀ ਮੁਲਾਜ਼ਮਾਂ ਲਈ ਮੁਫ਼ਤ ਕੋਵਿਡ-19 ਟੈਸਟ ਅਤੇ ਉਨਾਂ ਦੇ ਪਰਿਵਾਰ ਦਾ ਮੁਫ਼ਤ ਟੈਸਟ ਕਰਕੇ ਇਲਾਜ ਕੀਤਾ ਜਾਵੇ। ਲਾਭਪਾਤਰੀਆਂ ਨੂੰ ਪੋਸ਼ਣ ਦੀ ਸਪਲਾਈ ਦੀ ਮਾਤਰਾ ਦੀ ਗੁਣਵੱਤਾ ਵਧਾਈ ਜਾਵੇ। ਆਂਗਨਵਾੜੀ ਮੁਲਾਜ਼ਮਾਂ ਨੂੰ ਘੱਟੋਂ ਘੱਟ 30,000 ਰੁਪਏ ਅਤੇ ਹੈਲਪਰਾਂ ਨੂੰ 21 000 ਰੁਪਏ ਤਨਖ਼ਾਹ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮਾਣ ਭੱਤੇ 'ਚ 40 ਫੀਸ਼ਦੀ ਕਟੌਤੀ ਤੁਰੰਤ ਵਾਪਿਸ ਜਾਵੇ।

ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਗੁਰਪ੍ਰਰੀਤ ਕੌਰ, ਪੁਸ਼ਪਾ ਦੇਵੀ, ਵਰਿੰਦਰ ਗਿੱਲ, ਸਵਰਨ ਕੌਰ, ਪ੍ਰਰੀਤਮ, ਸ਼ਕਤੀ ਬਾਲਾ, ਬਲਜਿੰਦਰ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਚਰਨਜੀਤ ਕੌਰ, ਮੰਜੂ ਰਾਣੀ, ਲਾਜਵੰਤੀ, ਰੀਨਾ ਰਾਣੀ, ਨੀਰੂ, ਮੀਨਾ ਕੁਮਾਰੀ, ਨਿਧੀ ਰਾਣੀ ਅਤੇ ਸਰਬਜੀਤ ਕੌਰ ਹਾਜ਼ਰ ਸਨ।