ਨਵੀਂ ਦਿੱਲੀ/ਚੰਡੀਗੜ੍ਹ (ਏਐੱਨਆਈ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਨੇ ਆਸ ਪ੍ਰਗਟਾਈ ਕਿ ਪਾਕਿਸਤਾਨ ਨਨਕਾਣਾ ਸਾਹਿਬ ਦੇ ਦਰਵਾਜ਼ੇ ਉਸੇ ਤਰ੍ਹਾਂ ਖੋਲ੍ਹਣ 'ਤੇ ਵਿਚਾਰ ਕਰੇਗਾ, ਜਿਵੇਂ ਕਰਤਾਰਪੁਰ ਕਾਰੀਡੋਰ ਖੋਲ੍ਹਿਆ ਗਿਆ। ਉਨ੍ਹਾਂ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, 'ਅਸੀਂ ਪਿਛਲੇ 72 ਸਾਲਾਂ ਤੋਂ ਇਸ ਲਈ ਪ੍ਰਾਰਥਨਾ ਕਰ ਰਹੇ ਹਾਂ। ਅਸੀਂ ਨਾ ਸਿਰਫ਼ ਕਰਤਾਰਪੁਰ ਸਾਹਿਬ ਲਈ ਬਲਕਿ ਨਨਕਾਣਾ ਸਾਹਿਬ ਤੇ ਹੋਰਨਾਂ ਗੁਰਦੁਆਰਿਆਂ ਲਈ ਵੀ ਪ੍ਰਾਰਥਨਾ ਕੀਤੀ, ਜੋ ਪਾਕਿਸਤਾਨ ਵੰਡ ਦੌਰਾਨ ਭਾਰਤ ਤੋਂ ਅਲੱਗ ਹੋ ਗਏ ਸਨ। 550ਵੇਂ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਕਾਰੀਡੋਰ ਖੋਲ੍ਹਿਆ ਗਿਆ ਸੀ। ਇਹੀ ਗੱਲ ਨਨਕਾਣਾ ਸਾਹਿਬ ਲਈ ਵੀ ਕੀਤੀ ਜਾਵੇਗੀ ਤਾਂ ਜੋ ਹੋਰ ਲੋਕ ਉੱਥੇ ਜਾ ਸਕਣ।'

ਸਿਰਸਾ ਨੇ ਅੱਗੇ ਕਿਹਾ, 'ਸਾਨੂੰ ਉਮੀਦ ਹੈ ਕਿ ਇਕ ਦਿਨ ਨਨਕਾਣਾ ਸਾਹਿਬ ਲਈ ਦਰਵਾਜ਼ੇ ਖੋਲ੍ਹੇ ਜਾਣਗੇ। ਅਸੀਂ ਅਪੀਲ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਪਾਕਿ ਸਰਕਾਰ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ ਹੈ। ਨਨਕਾਣਾ ਸਾਹਿਬ ਇਕ ਮਹੱਤਵਪੂਰਨ ਸਥਾਨ ਹੈ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ।' ਚੇਤੇ ਰਹੇ ਗੁਰਦੁਆਰਾ ਨਨਕਾਣਾ ਸਾਹਿਬ ਲਹਿੰਦੇ ਪੰਜਾਬ 'ਚ ਹੈ ਤੇ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ।

Posted By: Seema Anand