ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਅੰਮ੍ਰਿਤਸਰ ਨਿਵਾਸੀ ਗੁਰਮੀਤ ਸਿੰਘ ਬਬਲੂ ਨੇ ਪੰਜਾਬ ਦੇ ਇਕ ਮੰਤਰੀ ’ਤੇ ਉਸ ਨੂੰ ਬਦਮਾਸਾਂ, ਗੈਂਗਸ਼ਟਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿਵਾਉਣ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਬਲੂ ਨੇ ਕਿਹਾ ਕਿ ਉਹ ਸਮਾਜਿਕ ਕਾਰਕੁੰਨ ਹੈ। ਪਿਛਲੇ ਸਮੇਂ ਦੌਰਾਨ ਆਰ.ਟੀ.ਆਈ. ਰਾਹੀਂ ਜਾਣਕਾਰੀ ਹਾਸਲ ਕਰਕੇ ਈ.ਸੀ.ਐੱਚ.ਐੱਸ. (ਐਕਸ ਸਰਵਿਸਮੈਨ ਹੈਲਥ ਸਰਵਿਸ) ਵਿਚ ਕਰੋਡ਼ਾਂ ਰੁਪਏ ਦਾ ਘੁਟਾਲਾ ਹੋਣ ਦਾ ਪਰਦਾਫਾਸ਼ ਕੀਤਾ ਸੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ 25 ਵਿਅਕਤੀਆਂ, ਡਾਕਟਰਾਂ ਖਿਲਾਫ਼ 2 ਅਕਤੂਬਰ 2020 ਨੂੰ ਕੇਸ ਦਰਜ ਕੀਤਾ ਸੀ। ਉਕਤ ਮੰਤਰੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਉਨ੍ਹਾਂ ਖਿਲਾਫ਼ ਐੱਫ.ਆਈ.ਆਰ ਦਰਜ ਹੋਣ ਦਾ ਜ਼ਿਕਰ ਕੀਤਾ ਹੈ ਪਰ ਪੁਲਿਸ ਨੇ ਕੋਰੋਨਾ ਕਾਲ ਦੌਰਾਨ ਸਿਆਸੀ ਦਬਾਅ ਹੇਠ ਉਕਤ ਮੰਤਰੀ ਸਮੇਤ ਕਈ ਡਾਕਟਰਾਂ ਨੂੰ ਮਾਮਲੇ ਵਿਚ ਕਲੀਨਚਿੱਟ ਦੇ ਦਿੱਤੀ ਹੈ। ਉਹ ਇਸ ਮਾਮਲੇ ਦੀ ਪੁਨਰ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਯੂਪੀ ਅਤੇ ਪਾਕਿਸਤਾਨ ਤੋਂ ਜਾਨ ਤੋਂ ਮਾਰਨ ਦੀ ਆਈ ਧਮਕੀ ਦੀ ਆਡੀਓ ਵੀ ਸੁਣਾਈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸੂਬੇ ਵਿਚ ਅਮਨ ਕਾਨੂੰਨ ਦੀ ਹਾਲਤ ਖਰਾਬ ਹੋ ਚੁੱਕੀ।

Posted By: Sandip Kaur