ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿ੍ਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਕਿਸਾਨ ਸੁਰਜੀਤ ਸਿੰਘ ਪਿੰਡ ਤੰਗੋਰੀ ਵਿਖੇ ਇਕ ਰੋਜ਼ਾ ਆਰਗੈਨਿਕ ਫਾਰਮਿੰਗ ਦੀ ਟ੍ਰੇਨਿੰਗ ਲਾਈ ਗਈ।

ਇਸ ਮੌਕੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਸੁਰਜੀਤ ਸਿੰਘ ਵੱਲੋਂ ਸਮੁੱਚਾ ਖੇਤੀ ਅਧੀਨ ਰਕਬਾ ਆਰਗੈਨਿਕ ਫਾਰਮਿੰਗ ਹੇਠ ਲਿਆਉਂਦਾ ਗਿਆ ਹੈ। ਕਿਸਾਨ ਵੱਲੋਂ ਪਿਛਲੇ 8-10 ਸਾਲਾਂ ਤੋਂ ਪੁਰਾਣੀ ਲੱਸੀ 'ਚ ਤਾਂਬੇ ਦੀ ਧਾਤ ਅਤੇ ਲੋਹੇ ਦੀਆਂ ਕਿਲਾਂ ਪਾ ਕੇ ਸੂਖਮ ਤੱਤਾਂ ਦੇ ਨਾਲ-ਨਾਲ, ਅੱਕ, ਧਧੂਰਾ, ਨਿੰਮ ਆਦਿ ਨਾਲ ਆਰਗੈਨਿਕ ਉਲੀਨਾਸ਼ਕ ਤੇ ਕੀਟਨਾਸ਼ਕ ਤਿਆਰ ਕਰਕੇ ਹੋਏ ਖੇਤਾਂ 'ਚ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਰਾਪਤ ਕੀਤੇ ਡੀਕੰਪੋਜਰ ਨੂੰ ਵਧਾ ਕੇ ਟਿਊਬਵੈੱਲ ਰਾਹੀਂ ਸਮੁੱਚੇ ਖੇਤਾਂ ਨੂੰ ਦਿੱਤਾ ਜਾਂਦਾ ਹੈ।

ਇਸ ਮੌਕੇ ਡਾ.ਹਰਮੀਤ ਕੌਰ ਕੀਟ ਵਿਗਿਆਨੀ ਵੱਲੋਂ ਮਿੱਤਰ ਕੀੜੀਆਂ ਦੀ ਪਛਾਣ ਅਤੇ ਆਰਗੈਨਿਕ ਖੇਤੀ ਲਈ ਸਾਵਧਾਨੀਆਂ ਅਤੇ ਕੁਦਰਤੀ ਖੇਤੀ ਦੇ ਨਿਵੇਕਲੇ ਢੰਗ ਦੱਸੇ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਵੱਲੋਂ ਕਪਾਹ ਫਸਲ ਤੇ ਮਿਲੀਬਗ ਦੇ ਹਮਲੇ ਦੀ ਰੋਕਥਾਮ 'ਚ ਪੁਰਾਣੀ ਲੱਸੀ ਦੇ ਵਡੇ ਯੋਗਦਾਨ ਬਾਰੇ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਰਿਵਾਇਤੀ ਖੇਤੀ 'ਚ ਮੋਨੋਕਲਚਰ ਦੀ ਥਾਂ ਥੋੜਾ-ਥੋੜਾ ਰਕਬਾ ਦਾਲਾਂ, ਤੇਲਬੀਜ ਅਤੇ ਸਬਜੀਆਂ ਹੇਠ ਜਰੂਰ ਲਿਆਂਦਾ ਜਾਵੇ। ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ, ਡਾ. ਗੁਰਦਿਆਲ ਕੁਮਾਰ ਏਡੀਓ, ਡਾ. ਸੁੱਚਾ ਸਿੰਘ ਏਈਓ ਡਾ.ਸਿਖਾ ਸਿੰਗਲਾ ਡੀਪੀਡੀ (ਆਤਮਾ) ਡਾ. ਪੁਨੀਤ ਗੁਪਤਾ ਬੀਟੀਐੱਮ, ਡਾ. ਜਗਦੀਪ ਪੱਡਾ ਬੀਟੀਐੱਮ ਵੀ ਸ਼ਾਮਲ ਸਨ।