ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਖੇ ਲਾਲ ਕਿਲ੍ਹੇ 'ਚ ਹੋਈ ਹਿੰਸਾ 'ਚ ਨਿਭਾਈ ਗਈ ਭੂਮਿਕਾ ਜੱਗ ਜ਼ਾਹਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 'ਆਪ' ਵਰਕਰ ਅਮਰੀਕ ਮਿੱਕੀ ਲਾਲ ਕਿਲ੍ਹੇ 'ਚ ਕੇਸਰੀ ਝੰਡੇ ਦੇ ਨਾਲ ਮੌਜੂਦ ਸੀ ਤੇ ਇੰਟਰਨੈੱਟ ਮੀਡੀਆ 'ਤੇ ਉਸ ਦੀ ਤਸਵੀਰ ਜ਼ਰੀਏ ਇਹ ਸਪੱਸ਼ਟ ਹੋ ਰਿਹਾ ਹੈ। ਉਥੇ, 'ਆਪ' ਨੇ ਕਾਂਗਰਸ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਸੁਨੀਲ ਜਾਖੜ ਨੇ ਕਿਹਾ ਕਿ 'ਆਪ' ਦੇ ਬੁਲਾਰੇ ਰਾਘਵ ਚੱਢਾ ਦੇ ਉਸ ਦਾਅਵੇ ਦੀ ਪੋਲ ਖੁੱਲ੍ਹ ਚੁੱਕੀ ਹੈ ਜਿਸ 'ਚ ਉਸ ਨੇ ਕਿਹਾ ਕਿ ਅਮਰੀਕ ਦੇ ਨਾਲ ਉਨ੍ਹਾਂ ਦੀ ਪਾਰਟੀ ਦਾ ਕੋਈ ਸਬੰਧ ਨਹੀਂ ਹੈ, ਕਿਉਂਕਿ ਅਮਰੀਕ ਦੇ ਫੇਸਬੁੱਕ ਪੇਜ਼ 'ਤੇ ਇਕ ਪੋਸਟ 'ਚ ਇਹ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਹੈ ਕਿ ਅੱਠ ਜਨਵਰੀ 2020 ਨੂੰ ਪਾਰਟੀ ਦੇ ਬੁਲਾਰੇ ਸੰਜੇ ਸਿੰਘ ਦੀ ਹਾਜ਼ਰੀ 'ਚ ਪੰਜਾਬ ਦੇ ਨੇਤਾ ਜਰਨੈਲ ਸਿੰਘ ਨੇ ਉਸ ਨੂੰ ਅਧਿਕਾਰਕ ਤੌਰ 'ਤੇ 'ਆਪ' 'ਚ ਸ਼ਾਮਲ ਕੀਤਾ ਸੀ।

ਜਾਖੜ ਨੇ ਕਿਹਾ ਕਿ 'ਆਪ' 'ਚ ਸ਼ਮੂਲੀਅਤ ਦੀ ਵੀਡੀਓ ਜਰਨੈਲ ਸਿੰਘ ਦੇ ਫੇਸਬੁੱਕ ਪੇਜ਼ 'ਤੇ ਵੀ ਉਪਲਬਧ ਹੈ ਤੇ ਅਮਰੀਕ ਦੇ ਫੇਸਬੁੱਕ ਪੇਜ਼ 'ਤੇ ਤਸਵੀਰ ਵੀ ਮੌਜੂਦ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਨਾਲ ਮਿਲੀਭੁਗਤ ਕਰ ਕੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਦਾ ਦਿੱਲੀ ਹਿੰਸਾ 'ਚ ਹੱਥ ਹੈ। ਉਨ੍ਹਾਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਾਖੜ ਨੇ ਕਿਹਾ ਕਿ ਜੇ ਰਾਘਵ ਚੱਢਾ ਦੇ ਦਾਅਵੇ ਅਨੁਸਾਰ ਅਮਰੀਕ ਭਾਜਪਾ ਦਾ ਮੈਂਬਰ ਹੈ ਤਾਂ ਫੇਸਬੁੱਕ ਦੀ ਵੀਡੀਓ ਤੇ ਤਸਵੀਰ ਜ਼ਰੀਏ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਗਠਜੋੜ ਸਾਬਿਤ ਹੋ ਚੁੱਕਾ ਹੈ।

ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਾਂਗਰਸ : ਆਮ ਆਦਮੀ ਪਾਰਟੀ

ਜਾਖੜ ਦੇ ਦੋਸ਼ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਤੇ ਕਾਂਗਰਸ ਪਾਰਟੀ ਆਪਣੀ ਘਟੀਆ ਸਿਆਸੀ ਏਜੰਡੇ ਤਹਿਤ ਇਕ ਗੁੰਮਨਾਮ ਸ਼ਖ਼ਸ ਅਮਰੀਕ ਸਿੰਘ ਨੂੰ 'ਆਪ' ਦਾ ਵਰਕਰ ਦੱਸ ਕੇ ਨਾ ਸਿਰਫ਼ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਬਲਕਿ ਦੀਪ ਸਿੱਧੂ ਤੇ ਉਸ ਦੇ ਜਿਹੇ ਲੋਕਾਂ ਨੂੰ ਬਚਾ ਰਹੀ ਹੈ।

ਰਾਘਵ ਨੇ ਕਿਹਾ ਕਿ ਇਸ ਸ਼ਖ਼ਸ ਵੱਲੋਂ ਹਿੰਸਾ ਦੀਆਂ ਸਰਗਰਮੀਆਂ 'ਚ ਸ਼ਾਮਲ ਕਿਸੇ ਵੀ ਸ਼ਖ਼ਸ ਨਾਲ 'ਆਪ' ਦਾ ਕੋਈ ਲੈਣਾ ਦੇਣਾ ਨਹੀਂ ਹੈ। 'ਆਪ' ਅਜਿਹੇ ਹਰ ਕੰਮ ਦੀ ਨਿਖੇਧੀ ਕਰਦੀ ਹੈ ਜੋ ਕਿਸਾਨ ਅੰਦੋਲਨ ਦੇ ਅਕਸ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ। ਅਮਰੀਕ ਸਿੰਘ 'ਆਪ' ਦਾ ਨਹੀਂ ਹਕੀਕਤ 'ਚ ਭਾਜਪਾ ਤੇ ਅਕਾਲੀ ਦਲ ਦਾ ਬਹੁਤ ਪੁਰਾਣਾ ਖਾਸ ਵਿਅਕਤੀ ਹੈ, ਜੋ ਭਾਜਪਾ ਦੇ ਰਾਸ਼ਟਰੀ ਨੇਤਾਵਾਂ ਤੇ ਅਕਾਲੀ ਦਲ ਦੇ ਵੱਡੇ ਨੇਤਾਵਾਂ ਨਾਲ ਉਸ ਦੀਆਂ ਤਸਵੀਰਾਂ ਜ਼ਰੀਏ ਸਪੱਸ਼ਟ ਹੋ ਜਾਂਦਾ ਹੈ।