ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਅਤੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਵਿਚ ਕੀਤੀ ਦੇਰੀ ਖ਼ਿਲਾਫ਼ ਆਵਾਜ਼ ਚੁੱਕਦੇ ਹੋਏ 'ਆਪ' ਵਿਧਾਇਕਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ।

'ਆਪ' ਆਗੂਆਂ ਨੇ ਪ੍ਰਦਰਸ਼ਨ ਦੌਰਾਨ ਕੈਪਟਨ ਅਤੇ ਬਾਦਲ ਦੇ ਖ਼ਿਲਾਫ਼ ਨਾਅਰੇ ਲਗਾਏ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਉੱਤੇ ਮਿਲੀਭੁਗਤ ਦੇ ਦੋਸ਼ ਲਗਾਏ।

'ਆਪ' ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੀ ਉਪ ਨੇਤਾ ਵਿਧਾਇਕ ਸਰਵਜੀਤ ਕੌਰ ਮਾਣੂਕੇ, ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਅਮਰਜੀਤ ਸਿੰਘ ਸੰਦੋਆ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜਗਤਾਰ ਸਿੰਘ ਜੱਗਾ ਹਿੱਸੋਵਾਲ ਸਮੇਤ ਹੋਰ ਪਾਰਟੀ ਆਗੂਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ।

ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ 'ਆਪ' ਆਗੂਆਂ ਨੂੰ ਰਸਤੇ ਵਿੱਚ ਹੀ ਪੁਲਿਸ ਨੇ ਬੈਰਿਕੇਡ ਲਗਾਕੇ ਰੋਕ ਦਿੱਤਾ ਅਤੇ ਹਰਪਾਲ ਸਿੰਘ ਚੀਮਾ ਅਤੇ ਵਿਧਾਇਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।

ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਦੀ ਬਜਾਏ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ। ਕੈਪਟਨ ਅਮਰਿੰਦਰ ਅਤੇ ਬਾਦਲ ਆਪਸ ਵਿਚ ਮਿਲੇ ਹੋਏ ਹਨ ਅਤੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਮਾਮਲੇ ਨੂੰ ਕੋਰਟ ਵਿੱਚ ਬਿਹਤਰ ਤਰੀਕੇ ਨਾਲ ਪੇਸ਼ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਨੂੰ ਕਮਜ਼ੋਰ ਕੀਤਾ ਹੈ, ਜਿਸ ਕਾਰਨ ਐਸਆਈਟੀ ਦੀ ਜਾਂਚ ਰਿਪੋਰਟ ਖਾਰਿਜ ਹੋਈ ਹੈ। ਚੀਮਾ ਨੇ ਕਿਹਾ ਕਿ ਬਾਦਲ ਨੇ ਵੀ ਕੈਪਟਨ ਅਮਰਿੰਦਰ ਦੇ ਖ਼ਿਲਾਫ਼ ਕੇਸ ਵਾਪਸ ਲੈ ਲਏ ਸਨ, ਹੁਣ ਕੈਪਟਨ ਉਸ ਕੰਮ ਨੂੰ ਵਿਆਜ ਸਹਿਤ ਚੁੱਕਾ ਰਿਹਾ ਹੈ।

'ਆਪ' ਵਿਧਾਇਕ ਸਰਵਜੀਤ ਕੌਰ ਮਾਣੂਕੇ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮਾਮਲੇ ਨੂੰ ਸਹੀ ਅਤੇ ਠੋਸ ਤਰੀਕੇ ਨਾਲ ਕੋਰਟ ਦੇ ਸਾਹਮਣੇ ਰੱਖਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸੱਤਾ ਵਿੱਚ ਆਏ ਸਨ, ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਘਟਨਾ ਦੇ ਪੀੜਤਾਂ ਇਨਸਾਫ਼ ਦਿਵਾਉਣਗੇ, ਪਰੰਤੂ ਐਨੇ ਸਾਲਾਂ ਦੇ ਬਾਅਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਨੇ ਕਿਹਾ ਕਿ ਐਸਆਈਟੀ ਦੀ ਜਾਂਚ ਰਿਪੋਰਟ ਨਾਲ ਦੋਸ਼ੀਆਂ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਜੇਕਰ ਐਸਆਈਟੀ ਨੇ ਆਪਣੀ ਜਾਂਚ ਪੂਰੀ ਇਮਾਨਦਾਰੀ ਦੇ ਨਾਲ ਕੀਤੀ ਹੈ, ਤਾਂ ਮਾਮਲੇ ਪੀੜਤਾਂ ਨੂੰ ਕੈਪਟਨ ਸਰਕਾਰ ਨੇ ਹੁਣ ਤੱਕ ਇਨਸਾਫ਼ ਕਿਉਂ ਨਹੀਂ ਦਵਾਇਆ ?

ਪਾਰਟੀ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਇਸ ਮਾਮਲੇ ਪਿੱਛੇ ਕੌਣ ਲੋਕ ਹਨ, ਫਿਰ ਕੈਪਟਨ ਸਰਕਾਰ ਬਾਦਲਾਂ ਨੂੰ ਕਿਉਂ ਬਚਾਉਣਾ ਚਾਹੁੰਦੀ ਹੈ? ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਦੀ ਬਜਾਏ ਹਾਈ ਕੋਰਟ ਦੀ ਡਬਲ ਬੈਂਚ ਵਿੱਚ ਅਪੀਲ ਕਿਉਂ ਨਹੀਂ ਕੀਤੀ।

ਐਸਆਈਟੀ ਦੀ ਜਾਂਚ ਰਿਪੋਰਟ ਖਾਰਿਜ ਹੋਣ ਅਤੇ ਐਸਆਈਟੀ ਦੇ ਪ੍ਰਮੁੱਖ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਅਸਤੀਫ਼ੇ ਨਾਲ ਕੈਪਟਨ ਦੇ ਇਰਾਦੇ ਪ੍ਰਗਟ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਆਂ ਹੋਈਆਂ ਹਨ। ਉਹ ਇਸ ਮਾਮਲੇ ਦੇ ਦੋਸ਼ੀਆਂ ਨੂੰ ਕਦੇ ਮੁਆਫ਼ ਨਹੀਂ ਕਰਨਗੇ ।

'ਆਪ' ਵਿਧਾਇਕਾਂ ਨੇ ਅੱਗੇ ਕਿਹਾ ਕਿ ਕੈਪਟਨ ਵੱਲੋਂ ਬਾਦਲ ਨੂੰ ਬਚਾਉਣ ਦੇ ਇਰਾਦੇ ਦੇ ਕਾਰਨ ਇਸ ਮਾਮਲੇ ਵਿੱਚ ਕਈ ਮੋੜ ਆਏ ਅਤੇ ਇਨਸਾਫ਼ ਵਿੱਚ ਦੇਰੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਦੇ ਹਾਲ ਹੀ ਵਿੱਚ ਗਵਾਹ ਦੀ ਖਰੀਦ ਦੇ ਸੰਬੰਧ ਵਿੱਚ ਲਿਖੇ ਪੱਤਰ ਨੇ ਅਕਾਲ ਦਲ ਨੂੰ ਪ੍ਰਗਟ ਕੀਤਾ ਹੈ ਅਤੇ ਇਸ ਪੱਤਰ ਨਾਲ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਸਵਾਲ ਉੱਠ ਰਹੇ ਹਨ। ਵਿਧਾਇਕਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਮਾਮਲੇ ਦੀ ਫਿਰ ਤੋਂ ਜਾਂਚ ਹੋਵੋਗੇ ਅਤੇ ਲੋਕਾਂ ਨੂੰ ਇਨਸਾਫ਼ ਦਵਾਇਆ ਜਾਵੇਗਾ ।

Posted By: Jagjit Singh