ਸਟੇਟ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਭਾਜਪਾ 'ਤੇ ਪੰਜਾਬ 'ਚ 'ਆਪ੍ਰੇਸ਼ਨ ਲੋਟਸ' ਚਲਾਉਣ ਦਾ ਦੋਸ਼ ਲਾਉਂਦੀ ਰਹੀ ਹੈ। ਇਸ ਮਾਮਲੇ ਵਿੱਚ ‘ਆਪ’ ਵਿਧਾਇਕਾਂ ਨੇ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਆਪਣੇ ਬਿਆਨ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ।

ਸੋਮਵਾਰ ਨੂੰ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਅਤੇ ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ ਨੇ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ 'ਚ ਆਪਣੇ ਬਿਆਨ ਦਰਜ ਕਰਵਾਏ। ਜਿਨ੍ਹਾਂ ਦਲਾਲਾਂ ਨੇ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਸੰਪਰਕ ਕੀਤਾ, ਉਨ੍ਹਾਂ ਦੀ ਆਡੀਓ ਐੱਸਆਈਟੀ ਨੂੰ ਸੌਂਪੀ।

ਇਸ ਦੇ ਨਾਲ ਹੀ ਅਰੋੜਾ ਨੇ ਐੱਸਆਈਟੀ ਨੂੰ ਉਹ ਨੰਬਰ ਦਿੱਤੇ ਜਿਨ੍ਹਾਂ ਤੋਂ ਉਨ੍ਹਾਂ ਨੂੰ ਕਾਲ ਆਈ ਸੀ। ਐੱਸਆਈਟੀ ਨੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਧਾਇਕਾਂ ਨੇ ਕਿਹਾ ਕਿ ਉਹ ਆਪਣੇ ਬਿਆਨ ਦੇ ਚੁੱਕੇ ਹਨ, ਹੁਣ ਐੱਸਆਈਟੀ ਵੱਲੋਂ ਅਗਲੀ ਜਾਂਚ ਕੀਤੀ ਜਾਵੇਗੀ।

ਵਿਧਾਇਕ ਅੰਗੁਰਾਲ ਨੇ ਦੋਸ਼ ਲਾਇਆ ਹੈ ਕਿ ਇਸ ਮਾਮਲੇ ਵਿੱਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸ਼ਾਮਲ ਹਨ। ਵਿਧਾਇਕਾਂ ਨੇ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲਿਆ ਹੈ।

ਅੰਗੁਰਾਲ ਨੇ ਦੱਸਿਆ ਕਿ ਉਸ ਨਾਲ ਦੋ ਵਿਅਕਤੀਆਂ ਨੇ ਸੰਪਰਕ ਕੀਤਾ ਸੀ। ਦੋਵਾਂ ਨੇ ਆਪਣੇ ਆਪ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਭਾਜਪਾ ਦੇ ਸੰਪਰਕ ਵਿੱਚ ਹਨ। ਉਨ੍ਹਾਂ ਦੀ ਜਾਣ-ਪਛਾਣ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਕਰਵਾਈ ਜਾਵੇਗੀ। ਉਸ ਤੋਂ ਬਾਅਦ ਅਮਿਤ ਸ਼ਾਹ ਨਾਲ ਜਾਣ-ਪਛਾਣ ਕਰਵਾਈ ਜਾਵੇਗੀ। ਭਾਜਪਾ ਵਿਚ ਸ਼ਾਮਲ ਹੋਣ 'ਤੇ ਉਨ੍ਹਾਂ ਨੂੰ 25 ਕਰੋੜ ਰੁਪਏ ਦਿੱਤੇ ਜਾਣਗੇ।

ਵਿਧਾਇਕ ਨੇ ਕਿਹਾ ਕਿ ਅਨੁਰਾਗ ਠਾਕੁਰ ਨਾਲ ਸਿੱਧੀ ਕੋਈ ਗੱਲ ਨਹੀਂ ਹੋਈ। ਉਸ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਨੇ ਅਨੁਰਾਗ ਠਾਕੁਰ ਦਾ ਨਾਂ ਲਿਆ, ਸੁਖਨਾ ਝੀਲ ਦੇ ਕੋਲ ਜੋ ਲੋਕ ਮੈਨੂੰ ਮਿਲਣ ਆਏ ਸਨ, ਉਨ੍ਹਾਂ ਨੇ ਕਿਹਾ ਸੀ ਕਿ ਅਮਿਤ ਬਾਬੂ ਨੇ ਉਸ ਨੂੰ 25 ਕਰੋੜ ਰੁਪਏ ਦਾ ਤੋਹਫਾ ਭੇਜਿਆ ਹੈ। ਇਹ ਤੋਹਫ਼ਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਦਿੱਤਾ ਜਾਵੇਗਾ। ਅਨੁਰਾਗ ਠਾਕੁਰ ਜਲਦੀ ਹੀ ਉਸ ਨੂੰ ਮਿਲਣਗੇ ਅਤੇ ਤੋਹਫਾ ਦੇਣ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਜਾਣਗੇ।

ਇਸ ਦੇ ਨਾਲ ਹੀ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਨੇ ਕਿਸੇ ਵੀ ਭਾਜਪਾ ਆਗੂ ਆਦਿ ਦਾ ਨਾਂ ਨਹੀਂ ਲਿਆ। ਅਰੋੜਾ ਨੇ ਕਿਸੇ ਕੇਂਦਰੀ ਮੰਤਰੀ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਆਰਐੱਸਐੱਸ ਦੇ ਇੱਕ ਸੀਨੀਅਰ ਕਾਰਕੁਨ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਆਪਰੇਸ਼ਨ ਲੋਟਸ ਨੂੰ ਲੈ ਕੇ ਮੁਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਅਜੇ ਤਕ ਕਿਸੇ ਦਾ ਨਾਂ ਨਹੀਂ ਲਿਆ ਗਿਆ ਹੈ। ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ।

ਆਪਰੇਸ਼ਨ ਲੋਟਸ ਦੇ ਤਹਿਤ ਭਾਜਪਾ 'ਚ ਸ਼ਾਮਲ ਹੋਣ ਦੇ ਬਦਲੇ 'ਚ ਆਪਣੇ 25 ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਦੇ ਦੋਸ਼ ਲੱਗੇ ਸਨ। ਹਾਲਾਂਕਿ ਐੱਫਆਈਆਰ ਵਿੱਚ ਸਿਰਫ਼ 10 ਵਿਧਾਇਕ ਹੀ ਸ਼ਿਕਾਇਤਕਰਤਾ ਬਣੇ ਹਨ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਸੀ, ਜਿਸ ਤੋਂ ਬਾਅਦ ਐਸਆਈਟੀ ਦਾ ਗਠਨ ਕੀਤਾ ਗਿਆ ਸੀ।

Posted By: Jagjit Singh