ਸੁਰਜੀਤ ਸਿੰਘ ਕੁਹਾੜ, ਲਾਲੜੂ : ਆਮ ਆਦਮੀ ਪਾਰਟੀ ਦੀ ਸਰਕਾਰ ਦੇ 13 ਮਹੀਨਿਆਂ 'ਚ ਪੰਜਾਬ ਨੂੰ ਜੰਗਲ ਤੇ ਕੰਗਾਲੀ ਰਾਜ ਵੱਲ ਧੱਕਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਨੇ ਲਾਲੜੂ ਵਿਖੇ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ 13 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਗੁਮਰਾਹ ਕਰਨ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲਾਅ ਐਂਡ ਆਰਡਰ ਦੀ ਧੱਜੀਆਂ ਉੱਡ ਰਹੀਆਂ ਹਨ। ਇਸ ਸਮੇਂ ਦੌਰਾਨ ਗੈਂਗਸਟਰਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਉਸ ਵਿਭਾਗ ਦਾ ਅਤੀ ਗੁਪਤ ਦਸਤਾਵੇਜ਼ ਲੀਕ ਕੀਤਾ ਗਿਆ, ਜਿਸ ਕਾਰਨ ਦੇਸ਼ ਵਿਦੇਸ਼ 'ਚ ਪੰਜਾਬੀ ਗਾਇਕੀ ਦਾ ਝੰਡਾ ਬੁਲੰਦ ਕਰਨ ਵਾਲੇ ਉੱਘੇ ਗਾਇਕ ਸਿੱਧੂ ਮੂਸੇਵਾਲੇ ਦੀ ਜਾਨ ਗਈ ਤੇ ਮੁਹਾਲੀ 'ਚ ਵੱਡਾ ਹਮਲਾ ਹੋਇਆ, ਜਦਕਿ ਆਪ ਸਰਕਾਰ ਹੁੰਦਿਆਂ ਪੁਲਿਸ ਦੀ ਹਿਰਾਸਤ 'ਚੋਂ ਦੀਪਕ ਟੀਨੂੰ ਗੈਂਗਸਟਰ ਫ਼ਰਾਰ ਹੋ ਗਿਆ। ਗੈਂਗਸਟਰ ਆਪਣੀ ਵ੍ਹੱਟਸਐਪ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਭਰਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਮਾਰ ਹੇਠ ਦੱਬੇ ਪੰਜਾਬ 'ਤੇ ਆਪ ਸਰਕਾਰ ਹੋਰ ਬੋਝ ਪਾ ਰਹੀ ਹੈ। ਛੜਬੜ ਨੇ ਕਿਹਾ ਕਿ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ਆਪ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ 'ਚ ਲੱਗੀ ਹੋਈ ਹੈ ਇਨ੍ਹਾਂ ਇਸ਼ਤਿਹਾਰਾਂ ਨਾਲ ਪੰਜਾਬ ਉੱਤੇ ਹੋਰ ਆਰਥਿਕ ਬੋਝ ਪੈ ਰਿਹਾ ਹੈ। ਪੰ੍ਤੂ ਹੁਣ ਸੂਬੇ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਸਰਕਾਰ ਦੇ ਗੁੰਮਰਾਹ ਕੁੰਨ ਪ੍ਰਚਾਰ ਤੋਂ ਭਲੀ ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਥੇਬੰਦ ਕਰੇਗੀ ਤੇ ਜਨਤਾ ਦੀ ਕਚਹਿਰੀ 'ਚ ਅਤੇ ਵਿਧਾਨ ਸਭਾ 'ਚ ਆਪ ਸਰਕਾਰ ਨੂੰ ਘੇਰੇਗੀ।
ਇਸ ਮੌਕੇ ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਜਗਦੀਸ ਸਿੰਘ, ਬਖ਼ਸ਼ੀਸ਼ ਰਾਮ ਕੁਰਲੀ, ਮਾਸਟਰ ਸਹਿਬ ਸਿੰਘ, ਮਾਸਟਰ ਸੁਭਾਸ਼ ਸਿੰਘ,ਹਨੀ ਸਿੰਘ ਲਾਲੜੂ, ਈਸ਼ਵਰ ਸਿੰਘ, ਪਲਵਿੰਦਰ ਸਿੰਘ, ਗੁਰਮੀਤ ਸਿੰਘ ਜੋਲੀ ਤੇ ਰਾਜ ਕੁਮਾਰ ਝਰਮੜੀ ਆਦਿ ਹਾਜ਼ਰ ਸਨ।