ਜੈ ਸਿੰਘ ਛਿੱਬਰ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁਅੱਤਲ ਚੱਲ ਰਹੇ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਪਾਰਟੀ ਹਾਈ ਕਮਾਨ ਨੂੰ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਆਪ ਵੀ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਕੰਮ ਕਰ ਰਹੀ ਹੈ। ਸਿਸਟਮ ਬਦਲਣ ਦਾ ਦਾਅਵਾ ਕਰਨ ਵਾਲੀ ਪਾਰਟੀ ਦੂਜੀਆਂ ਪਾਰਟੀਆਂ ਵਾਂਗ ਮੁਫ਼ਤ ਚੀਜ਼ਾਂ ਦੇਣ ਲੱਗ ਪਈ ਹੈ। ਇਹੀ ਕਾਰਨ ਹੈ ਕਿ ਪਾਰਟੀ ਵਿਚ ਕੋਈ ਚੰਗਾਂ ਨੇਤਾ ਸ਼ਾਮਲ ਨਹੀਂ ਹੋ ਰਿਹਾ ਬਲਕਿ ਦੂਜੀਆਂ ਪਾਰਟੀਆਂ ਦੇ ਨੇਤਾ ਹੀ ਸ਼ਾਮਲ ਹੋ ਰਹੇ ਹਨ। ਪਾਰਟੀ ਦੀਆਂ ਅਜਿਹੀਆਂ ਨੀਤੀਆਂ ਪੰਜਾਬ ਵਿਚ ਪਾਰਟੀ ਦਾ ਕੋਈ ਉਭਾਰ ਨਹੀਂ ਕਰ ਸਕਣਗੀਆ।

ਯਾਦ ਰਹੇ ਕਿ ਕੰਵਰ ਸੰਧੂ 2017 ਦੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਚੋਣ ਮੈਨੀਫੈਸਟੋ ਕਮੇਟੀ ਦੇ ਮੁਖੀ ਸਨ ਅਤੇ ਮੁੱਦਿਆਂ ਦੀ ਗੱਲ ਕੀਤੀ ਸੀ। ਸੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸ਼ੇਅਰ ਕੀਤੀ ਵੀਡੀਓ ’ਚ ਕਿਹਾ ਕਿ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਨਸ਼ੇ ਦੇ ਮੁੱਦੇ ’ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੋਂ ਮਾਫ਼ੀ ਮੰਗੇ ਜਾਣ ਦਾ ਤੱਤਕਾਲੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵਿਰੋਧ ਕੀਤਾ ਸੀ ਸਿੱਟੇ ਵਜੋਂ ਪਾਰਟੀ ਹਾਈ ਕਮਾਨ ਨੇ ਖਹਿਰਾ ਨੂੰ ਤਿੰਨ ਸਾਲ ਲਈ ਮੁੱਅਤਲ ਕਰ ਦਿੱਤਾ ਸੀ ਪਰ ਅਜ ਤੱਕ ਪਾਰਟੀ ਵਿਧਾਇਕ ਖਹਿਰਾ ਨੂੰ ਮੁਅੱਤਲੀ ਦਾ ਕੋਈ ਲਿਖਤ ਨੋਟਿਸ ਨਹੀਂਂ ਦਿੱਤਾ। ਸੰਧੂ ਨੇ ਦਾਅਵਾ ਕੀਤਾ ਕਿ ਉਹ ਪਾਰਟੀ ਦਾ ਵਿਧਾਇਕ ਹੈ ਪਰ ਅੱਜ ਤਕ ਪਾਰਟੀ ਨੇ ਉਨ੍ਹਾਂ ਨੂੰ ਮੁੱਅਤਲ ਕਰਨ ਬਾਰੇ ਕੋਈ ਨੋਟਿਸ ਨਹੀਂ ਦਿੱਤਾ। ਫਿਰ ਵੀ ਉਨ੍ਹਾਂ ਨੇ ਪਾਰਟੀ ਵਿਚ ਹਰ ਸਤੁੰਲਨ ਬਣਾਈ ਰੱਖਣ ਦਾ ਯਤਨ ਕੀਤਾ ਹੈ। ਪਿਛਲੀਆਂ ਚੋਣਾਂ ਵਿਚ ਟਿਕਟਾਂ ਮੁੱਲ ਮਿਲਣ ਦੇ ਦੋਸ਼ ਲੱਗੇ ਪਰ ਉਨ੍ਹਾਂ ਨੇ ਇਸ ਨੂੰ ਜਨਤਕ ਨਹੀਂ ਕੀਤਾ। ਜਦੋਂ ਪਾਰਟੀ 2017 ਵਿਚ ਵਿਧਾਨ ਸਭਾ ਚੋਣਾਂ ਹਾਰ ਗਈ ਤਾਂ ਉਨ੍ਹਾਂ ਨੇ ਆਤਮ ਚਿੰਤਨ ਕਰਨ ਦਾ ਸੁਝਾਅ ਦਿੱਤਾ ਸੀ ਪਰ ਦਿੱਲੀ ਦੇ ਨੇਤਾ ਹਾਰ ਲਈ ਈ.ਵੀ.ਐੱਮ. ਨੂੰ ਜ਼ਿੰਮੇਵਾਰ ਦੱਸਦੇ ਰਹੇ। ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਬੇਬੁਨਿਆਦ ਦੋਸ਼ ਲਾ ਕੇ ਹਟਾ ਦਿੱਤਾ ਗਿਆ ਹੈ, ਪਾਰਟੀ ਹੁਣ ਤਕ ਉਹ ਦੋਸ਼ ਸਿੱਧ ਨਹੀੰ ਕਰ ਸਕੀ।

ਉਨ੍ਹਾਂ ਕਿਹਾ ਕਿ ਜਦੋਂ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਆਪ ਵਿਚ ਸ਼ਾਮਲ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦੀ ਵਿਗੜਦੀ ਹਾਲਤ ਬਾਰੇ ਪੱਤਰ ਲਿਖ ਕੇ (ਈਮੇਲ) ਕਿਹਾ ਸੀ ਕਿ ਇਹ ਲੋਕ ਵਿਸ਼ਵਾਸ ਦੇ ਪਾਤਰ ਨਹੀਂ ਅਤੇ ਇਹ ਪਾਰਟੀ ਦੇ ਸਿੱਧਾਂਤਾਂ ਨੂੰ ਨਹੀਂ ਮੰਨਣਗੇ, ਉਸ ਵਕਤ ਮੇਰੀ ਗੱਲ ’ਤੇ ਧਿਆਨ ਨਹੀਂ ਦਿੱਤਾ ਗਿਆ।

ਸੰਧੂ ਨੇ ਕਿਹਾ ਕਿ ਖ਼ੇਤਰੀ ਪਾਰਟੀਆਂ ਹੀ ਬਦਲਾਅ ਲਿਆ ਸਕਦੀਆਂ ਹਨ ਜਾਂ ਫਿਰ ਕੌਮੀ ਪਾਰਟੀ ਸੂਬੇ ਦੇ ਯੂਨਿਟਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦਾ ਪੂਰਾ ਅਧਿਕਾਰ ਦੇਵੇ। ਪਾਰਟੀ ਵਾਰ-ਵਾਰ ਦਿੱਲੀ ਮਾਡਲ ਦੀ ਗੱਲ ਕਰਦੀ ਹੈ ਜਦੋਂਕਿ ਪੰਜਾਬ ਨੂੰ ਪੰਜਾਬ ਮਾਡਲ ਦੀ ਜ਼ਰੂਰਤ ਹੈ। ਪਾਰਟੀ ਸਿਸਟਮ ਬਦਲਣ ਲਈ ਆਈ ਸੀ ਪਰ ਦੂਜੀਆਂ ਪਾਰਟੀਆਂ ਵਾਂਗ ਮੁਫ਼ਤ ਚੀਜ਼ਾਂ, ਪੈਸੇ ਦੇ ਕੇ ਰੈਲੀਆਂ ਕਰਨ ਅਤੇ ਭੀੜ ਇਕੱਠੀ ਕਰਨ ਲਈ ਭਾੜੇ ਦੇ ਵਿਅਕਤੀਆਂ ਨੂੰ ਇਕੱਠੇ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪਾਰਟੀ ਦੇ ਕੋਲ ਡਾ. ਧਰਮਵੀਰ ਗਾਂਧੀ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰੀਤ ਸਿੰਘ ਘੁੱਗੀ ਤੇ ਸੁਖਪਾਲ ਸਿੰਘ ਖਹਿਰਾ ਵਰਗੇ ਨੇਤਾ ਸਨ, ਜੋ ਪਾਰਟੀ ਨੂੰ ਅਲਵਿਦਾ ਕਹਿ ਗਏ। ਇਹ ਸਾਰੇ ਆਗੂ ਵੱਖ-ਵੱਖ ਖੇਤਰਾਂ ਵਿਚ ਮਾਹਿਰ ਹਨ ਪਰ ਪਾਰਟੀ ਦੇ ਕਿਸੇ ਆਗੂ ਨੇ ਉਨ੍ਹਾਂ ਆਗੂਆਂ ਨੂੰ ਵਾਪਸ ਬਲਾਉਣ ਦਾ ਯਤਨ ਨਹੀਂ ਕੀਤਾ।

ਸੰਧੂ ਮਾਫ਼ੀ ਮੰਗੇ ਤਾਂ ਵਾਪਸ ਲੈਣ ਬਾਰੇ ਸੋਚ ਸਕਦੇ ਹਾਂ : ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੇਕਰ ਕੰਵਰ ਸੰਧੂ ਆਪਣੀ ਗਲਤੀ ਮੰਨਦੇ ਹੋਏ ਮਾਫ਼ੀ ਮੰਗਦੇ ਹਨ ਤਾਂ ਉਨ੍ਹਾਂ ਬਾਰੇ ਪਾਰਟੀ ਮੁੜ ਵਿਚਾਰ ਕਰ ਸਕਦੀ ਹੈ।

Posted By: Jatinder Singh