ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਇਕ ਟੀਵੀ ਚੈਨਲ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਤੇ ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰਨ 'ਤੇ ਆਪਣਾ ਮਾਲਕਾਨਾ ਹੱਕ ਪ੍ਰਗਟਾਉਣ ਨੂੰ ਗੁਰੂ ਸਾਹਿਬ ਅਤੇ ਗੁਰੂ ਦੀ ਬਾਣੀ ਦਾ ਘੋਰ ਨਿਰਾਦਰ ਦੱਸਿਆ ਹੈ।

ਆਪ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਜੇਕਰ ਚੋਣ ਵਾਅਦੇ ਮੁਤਾਬਿਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੱਤਾ ਸੰਭਾਲਦਿਆਂ ਹੀ ਬਾਦਲ ਰਾਜ 'ਚ ਪੈਦਾ ਹੋਏ 'ਕੇਬਲ ਮਾਫ਼ੀਆ' ਨੂੰ ਕੁਚਲ ਦਿੰਦੇ ਤਾਂ ਇਕ ਨਿੱਜੀ ਕੰਪਨੀ ਜਾਂ ਕੋਈ ਵਿਅਕਤੀ ਵਿਸ਼ੇਸ਼ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਹੁਕਮਨਾਮੇ ਤੇ ਗੁਰਬਾਣੀ-ਕੀਰਤਨ 'ਤੇ ਆਪਣਾ ਮਾਲਕਾਨਾ ਹੱਕ ਜਤਾਉਣ ਦੀ ਹਿੰਮਤ ਨਾ ਕਰ ਸਕਦੀ।

ਆਪ ਆਗੂਆਂ ਨੇ ਕਿਹਾ ਕਿ ਅੱਜ ਪੰਥ ਤੇ ਪੰਜਾਬ ਨਾਲ ਅੱਜ ਜੋ ਆਪਹੁਦਰੀਆਂ ਹੋ ਰਹੀਆਂ ਹਨ, ਉਸ ਲਈ ਇਕੱਲਾ ਬਾਦਲ ਪਰਿਵਾਰ ਜਾਂ ਉਨ੍ਹਾਂ ਦੇ ਪੰਥ ਵਿਰੋਧੀ, ਪੰਜਾਬ ਵਿਰੋਧੀ ਤੇ ਲੋਕ ਵਿਰੋਧੀ ਗੁਰਗੇ ਹੀ ਜ਼ਿੰਮੇਵਾਰ ਨਹੀਂ, ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬਰਾਬਰ ਦੇ ਗੁਨਾਹਗਾਰ ਹਨ, ਕਿਉਂਕਿ ਕੈਪਟਨ ਨੂੰ ਬਾਦਲਾਂ ਦੇ 10 ਸਾਲਾ ਮਾਫ਼ੀਆ ਰਾਜ ਤੋਂ ਸਤਾਏ ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਉਮੀਦ ਨਾਲ ਮੁੱਖ ਮੰਤਰੀ ਦੀ ਕੁਰਸੀ 'ਤੇ ਬਿਠਾਇਆ ਸੀ, ਪਰੰਤੂ ਸੱਤਾ ਮਿਲਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਦੇ ਮਾਮਲੇ 'ਚ ਚੁੱਪੀ ਵੱਟ ਲਈ।

ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਚਾਹੁੰਦੇ ਤਾਂ ਬਾਦਲਾਂ ਦੇ ਪੈਦਾ ਕੀਤੇ ਕੇਬਲ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਡਰੱਗ ਮਾਫ਼ੀਆ, ਬਿਜਲੀ ਮਾਫ਼ੀਆ, ਸਿੱਖਿਆ ਮਾਫ਼ੀਆ, ਸਿਹਤ ਮਾਫ਼ੀਆ ਅਤੇ ਲੈਂਡ ਮਾਫ਼ੀਆ ਜਿਉਂ ਦਾ ਤਿਉਂ ਚੱਲ ਰਿਹਾ ਹੈ। ਆਪ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਗੁਰੂ ਤੇ ਗੁਰੂ ਦੀ ਬਾਣੀ ਦੀ ਬੇਅਦਬੀ ਕਰਨ 'ਚ ਬਾਦਲ ਪਰਿਵਾਰ ਤੇ ਉਨ੍ਹਾਂ ਦੇ ਕਰਿੰਦੇ ਹੱਦਾਂ-ਬੰਨ੍ਹੇ ਟੱਪ ਰਹੇ ਹਨ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਗੁਰਬਾਣੀ ਦਾ ਫੈਲਾਅ ਕਰਨ ਲਈ ਇਕ ਚੈਨਲ ਨੂੰ ਦਿੱਤੇ ਗਏ ਅਧਿਕਾਰ ਰੱਦ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਟਹਿਰੇ 'ਚ ਖੜ੍ਹਾ ਕਰਕੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।