ਜੇਐੱਨਐੱਨ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੜਕ 'ਤੇ ਸਰਕਾਰ ਘੇਰੀ। ਅਕਾਲੀ ਵਿਧਾਇਕਾਂ ਨੇ ਬਜਟ ਖ਼ਿਲਾਫ਼ ਤੇ ਨਸ਼ਾ ਤਸਕਰੀ, ਕਾਨੂੰਨ ਵਿਵਸਥਾ ਵਰਗੇ ਮੁੱਦਿਆਂ 'ਤੇ ਸਰਕਾਰ ਘੇਰੀ। ਉੱਥੇ ਹੀ ਆਪ ਵਿਧਾਇਕਾਂ ਨੇ ਮਹਿੰਗੀ ਬਿਜਲੀ, ਕਿਸਾਨਾਂ ਦੇ ਮੁੱਦੇ 'ਤੇ ਸਰਕਾਰ ਘੇਰੀ।

ਇਸ ਤੋਂ ਪਹਿਲਾਂ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਿਫ਼ਰ ਕਾਲ ਦੌਰਾਨ ਜਨਹਿਤ ਦੇ ਕਈ ਅਹਿਮ ਮੁੱਦੇ ਉਠਾਏ। ਪ੍ਰੋ. ਬਲਜਿੰਦਰ ਕੌਰ ਨੇ ਤਲਵੰਡੀ ਸਾਬੋ ਹਲਕੇ 'ਚ ਵਿਕਾਸ ਕਾਰਜਾਂ ਲਈ ਆਏ ਕਰੋੜਾਂ ਰੁਪਏ ਸਹੀ ਤਰੀਕੇ ਨਾਲ ਇਸਤੇਮਾਲ ਨਾ ਕਰਨ ਦਾ ਮਸਲਾ ਧਿਆਨ 'ਚ ਲਿਆਉਂਦੇ ਹੋਏ ਪੁੱਛਿਆ ਕਿ ਇਹ ਪੈਸਾ ਕਿੱਥੇ ਲੱਗ ਰਿਹਾ ਹੈ? ਕਿਉਂਕਿ ਸੜਕਾਂ ਨਹੀਂ ਬਣੀਆਂ। ਉਨ੍ਹਾਂ ਸੰਗਰੂਰ ਦੇ ਐੱਮਪੀ ਭਗਵੰਤ ਮਾਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਬਤੌਰ ਸੰਸਦ ਮੈਂਬਰ 238 ਕਿਲੋਮੀਟਰ ਗ੍ਰਾਮੀਣ ਸੜਕਾਂ ਦਾ ਪ੍ਰੋਜੈਕਟ ਲਿਆ ਸਕਦੇ ਹਨ ਤਾਂ ਬਠਿੰਡਾ ਤੋਂ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਅਜਿਹਾ ਕਿਉਂ ਨਹੀਂ ਕਰ ਸਕਦੀ?

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਤੜਾਂ 'ਚ ਸਥਿਤ ਪਿਕਾਡਲੀ ਸ਼ੂਗਰ ਮਿੱਲ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦਾ ਮੁੱਦਾ ਉਠਾਇਆ ਤੇ ਕਿਹਾ ਕਿ ਇਸ ਨਾਲ ਪਿੰਡਾਂ 'ਚ ਕੈਂਸਰ ਦੀ ਬਿਮਾਰੀ ਫੈਲ ਰਹੀ ਹੈ। ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਸ਼ੂਗਰ ਮਿੱਲ ਦਾ ਕੁਨੈਕਸ਼ਨ ਕੱਟੇ ਜਾਣ ਦੇ ਨਿਰਦੇਸ਼ ਦੇ ਬਾਵਜੂਦਤ ਕੁਨੈਕਸ਼ਨ ਮੁੜ ਜੋੜ ਦਿੱਤਾ ਹੈ। ਉਨ੍ਹਾਂ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ। ਚੀਮਾ ਨੇ ਟਰਾਂਸਪੋਰਟ ਮਾਫ਼ੀਆ ਤੇ ਨਸ਼ਾ ਮਾਫ਼ੀਆ ਦਾ ਮੁੱਦਾ ਵੀ ਉਠਾਇਆ।

ਅਮਨ ਅਰੋੜਾ ਨੇ ਸੂਬਾ ਸਰਕਾਰ ਵੱਲੋਂ 2500 ਐਸੋਸੀਏਟ ਸਕੂਲਾਂ ਨੂੰ ਅਗਲੇ ਸਾਲ ਲਈ ਮਨਜ਼ੂਰੀ ਨਾ ਦੇਣ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇਸ ਫ਼ੈਸਲੇ ਨਾਲ ਪੰਜ ਲੱਖ ਵਿਦਿਆਰਥੀ ਤੇ ਕਰੀਬ 25 ਹਜ਼ਾਰ ਅਧਿਆਪਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ 'ਚ 90 ਫ਼ੀਸਦੀ ਵਿਦਿਆਰਥੀ ਦਲਿਤ ਪਰਿਵਾਰਾਂ ਨਾਲ ਸਬੰਧਤ ਹੈ, ਇਸ ਲਈ ਇਨ੍ਹਾਂ ਸੂਕਲਾਂ ਨੂੰ ਬੰਦ ਨਹੀਂ ਕਰਨਾ ਚਾਹੀਦਾ।

Posted By: Seema Anand